India-Pakistan Border: ਰਾਵੀ ਦਰਿਆ ’ਚ ਪਾਣੀ ਦਾ ਪੱਧਰ ਵਧਿਆ
ਲੋਕਾਂ ਵਿੱਚ ਸਹਿਮ; ਦਰਿਆ ਪਾਰ ਝੋਨੇ ਦੀ ਲੁਆੲੀ ਪਛਡ਼ਨ ਦਾ ਖ਼ਦਸ਼ਾ
ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਰਾਵੀ ਦਰਿਆ ਵਿੱਚ ਅੱਜ ਸਵੇਰ ਸਮੇਂ ਪਾਣੀ ਦਾ ਪੱਧਰ ਕਾਫੀ ਵਧ ਗਿਆ। ਇਸ ਨਾਲ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਜਿਉਂ ਹੀ ਅੱਜ ਸਵੇਰ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦਾ ਪਤਾ ਲੱਗਾ ਤਾਂ ਉਹ ਸਹਿਮ ਗਏ। ਉਨ੍ਹਾਂ ਨੂੰ ਝੋਨਾ ਲਾਉਣ ਦੀ ਚਿੰਤਾ ਹੋ ਗਈ, ਕਿਉਂਕਿ ਦਰਿਆ ਤੋਂ ਪਾਰ ਬਹੁਤ ਜ਼ਿਆਦਾ ਵਾਹੀ ਯੋਗ ਰਕਬਾ ਹੋਣ ਕਾਰਨ ਕਿਸਾਨਾਂ ਵੱਲੋਂ ਝੋਨੇ ਦੀ ਵੱਡੇ ਪੱਧਰ ਲੁਆਈ ਕੀਤੀ ਜਾ ਰਹੀ ਹੈ। ਇਸ ਕਾਰਨ ਬਿਜਾਈ ਵਿੱਚ ਕੁਝ ਸਮੇਂ ਲਈ ਖੜੋਤ ਪੈਦਾ ਹੋਣ ਦੇ ਆਸਾਰ ਬਣ ਗਏ ਹਨ। ਦਰਿਆ ਰਾਵੀ ਦੇ ਕੋਟ ਜ਼ਿਆਦਾ ਪੱਤਣ ’ਤੇ ਦਰਿਆ ਉੱਪਰ ਆਉਣ ਜਾਣ ਲਈ ਬਣੇ ਪੌਨਟੂਨ ਪੁਲ ਜਿਸ ਨੂੰ ਮੀਂਹ ਦੇ ਸੀਜ਼ਨ ਦੌਰਾਨ ਜ਼ਿਆਦਾ ਪਾਣੀ ਆਉਣ ਕਰ ਕੇ ਰੁੜ੍ਹ ਜਾਣ ਦੇ ਡਰ ਕਾਰਨ ਪ੍ਰਸ਼ਾਸਨ ਵੱਲੋਂ ਹਟਾਇਆ ਜਾ ਰਿਹਾ ਹੈ। ਇਸ ਕਾਰਨ ਕਿਸਾਨ ਅਤੇ ਮਜ਼ਦੂਰ ਦਰਿਆ ਵਿੱਚ ਬੇੜੇ ਰਾਹੀਂ ਦਰਿਆ ਪਾਰ ਕਰ ਕੇ ਖੇਤੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਇਸ ਦਰਿਆ ਵਿੱਚ ਜ਼ਿਆਦਾ ਪਾਣੀ ਆ ਗਿਆ ਸੀ, ਇਸ ਕਾਰਨ ਧੁੱਸੀ ਬੰਨ੍ਹ ਟੁੱਟ ਗਿਆ ਸੀ। ਇਸ ਕਰ ਕੇ ਲੋਕਾਂ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਸੁੱਖ ਔਜਲਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਰਾਵੀ ਦਰਿਆ ਦੇ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰੇ ਤਾਂ ਜੋ ਇਸ ਖੇਤਰ ਵਿੱਚ ਮੁੜ ਹੜ੍ਹ ਵਰਗੇ ਹਾਲਾਤ ਨਾ ਬਣ ਸਕਣ।
