ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 24 ਸਤੰਬਰ
ਗੁਰਦੁਆਰਾ ਬਾਉਲੀ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਤਿਆਰ ਕੀਤੇ ਸੁੰਦਰ ਦਿੱਖ ਵਾਲੇ ਸ਼ੈੱਡ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ। ਇਸ ਤੋਂ ਪਹਿਲਾਂ ਗੁਰਦੁਆਰੇ ਵਿਖੇ ਹੈੱਡ ਗ੍ਰੰਥੀ ਭਾਈ ਗੁਰਮੁੱਖ ਸਿੰਘ ਵੱਲੋਂ ਸੁੰਦਰ ਸ਼ੈੱਡ ਦੇ ਸੰਪੂਰਨ ਹੋਏ ਕਾਰਜਾਂ ਲਈ ਸ਼ੁਕਰਾਨਾ ਕਰਦਿਆਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਉਪਰੰਤ ਸੁੰਦਰ ਦਿੱਖ ਵਾਲੇ ਸ਼ੈੱਡ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੰਪਰਦਾਇ ਭੂਰੀ ਸਾਹਿਬ ਵਾਲੇ ਬਾਬਾ ਕਸ਼ਮੀਰ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਕੀਤਾ ਗਿਆ।
ਇਸ ਮੌਕੇ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ, ਖੁਸ਼ਿਵੰਦਰ ਸਿੰਘ ਭਾਟੀਆ, ਬਲਵਿੰਦਰ ਸਿੰਘ ਵੇਈਂਪੁਈਂ ਵੱਲੋਂ ਸੁੰਦਰ ਸ਼ੈੱਡ ਦੀ ਸੇਵਾ ਕਰਵਾਉਣ ਲਈ ਵਿਸ਼ੇਸ਼ ਸਹਿਯੋਗ ਦੇਣ ਵਾਲੇ ਬੀਬੀ ਰਾਜਿੰਦਰ ਕੌਰ ਫਰੀਦਾਬਾਦ ਦੇ ਪਰਿਵਾਰ ਨੂੰ ਸਿਰਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਮੈਨੇਜਰ ਯੁਵਰਾਜ ਸਿੰਘ ਤੇ ਮੀਤ ਮੈਨੇਜਰ ਸਰਬਜੀਤ ਸਿੰਘ ਮੁੰਡਾਪਿੰਡ ਵੱਲੋਂ ਇਸ ਮੌਕੇ ਹਾਜ਼ਰ ਸੰਗਤ ਦਾ ਧੰਨਵਾਦ ਕਰਦਿਆਂ 28-29 ਸਤੰਬਰ ਨੂੰ ਮਨਾਏ ਜਾ ਰਹੇ ਸਲਾਨਾ ਜੋੜ ਮੇਲੇ ਵਿੱਚ ਹਾਜ਼ਰੀ ਭਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੜਾਹ ਪ੍ਰਸ਼ਾਦ ਲਈ ਨਵੀਂ ਬਣਾਈ ਇਮਾਰਤ ਅੱਗੇ ਦੂਜਾ ਸ਼ੈੱਡ ਬਣਾਉਣ ਦੀ ਕਾਰਸੇਵਾ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕੁਲਦੀਪ ਸਿੰਘ ਲਾਹੌਰੀਆ, ਪ੍ਰਤਾਪ ਸਿੰਘ ਸਕੱਤਰ, ਸੁਖਵਿੰਦਰ ਸਿੰਘ ਧਾਲੀਵਾਲ, ਅਕਾਊਂਟੈਂਟ ਸੁਖਦੇਵ ਸਿੰਘ, ਸਤਬੀਰ ਸਿੰਘ ਧੂੰਦਾ, ਰਸ਼ਪਾਲ ਸਿੰਘ ਤੇ ਮਨਜੀਤ ਸਿੰਘ ਮੰਡ ਆਦਿ ਮੌਜੂਦ ਸਨ।