ਨਿੱਜੀ ਪੱਤਰ ਪ੍ਰੇਰਕ
ਬਟਾਲਾ, 30 ਅਗਸਤ
ਨੇੜਲੇ ਪਿੰਡ ਮਸਾਣੀਆਂ ਦੀ ਮਿੱਟੀ ਨਾਲ ਮੋਹ ਰੱਖਦੇ ਉਲੰਪੀਅਨ ਪ੍ਰਭਜੋਤ ਸਿੰਘ ਦੇ ਨਾਮ ’ਤੇ ਬਣੇ ਹਾਕੀ ਖੇਡ ਸਟੇਡੀਅਮ ਦਾ ਉਦਘਾਟਨ ਸਥਾਨਕ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ। ਇਸ ਮੌਕੇ ਉਲੰਪੀਅਨ ਪ੍ਰਭਜੋਤ ਸਿੰਘ ਦੇ ਪਿਤਾ ਸੇਵਾ ਸਿੰਘ, ਮਾਤਾ ਮਨਜਿੰਦਰ ਕੌਰ, ਐਸਡੀਐਮ ਸ਼ਾਇਰੀ ਭੰਡਾਰੀ , ਤਹਿਸੀਲਦਾਰ ਅਭਿਸ਼ੇਕ ਵਰਮਾ, ਬੀਡੀਪੀਓ ਵਿਪਨ ਕੁਮਾਰ ਬੀਡੀਪੀਓ ਮੌਜੂਦ ਸਨ।
ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਬਟਾਲਾ ਨੇੜਲੇ ਪਿੰਡਾਂ ’ਚ ਕਈ ਹਾਕੀ ਦੇ ਸਿਤਾਰੇ ਖੇਡ ਜਗਤ ਵਿੱਚ ਧਰੂ ਤਾਰੇ ਵਾਂਗ ਚਮਕੇ ਹਨ। ਉਨ੍ਹਾਂ ਕਿਹਾ ਕਿ ਓਲੰਪੀਅਨ ਪ੍ਰਭਜੋਤ ਸਿੰਘ ਨੇ ਜਿਸ ਗਰਾਉੂਡ ਵਿੱਚੋਂ ਹਾਕੀ ਦੀ ਖੇਡ ਸ਼ੁਰੂ ਕੀਤੀ ਸੀ ਅਤੇ ਪੂਰੀ ਦੁਨੀਆਂ ਵਿੱਚ ਪਿੰਡ ਮਸਾਣੀਆਂ ਦੇ ਨਾਮ ਨੂੰ ਰੌਸ਼ਨ ਕੀਤਾ ਉਸ ਗਰਾਊਂਡ ’ਤੇ ਸਟੇਡੀਅਮ ਬਣ ਕੇ ਤਿਆਰ ਹੈ। ਵਿਧਾਇਕ ਨੌਜਵਾਨਾਂ ਵਰਗ ਨੂੰ ਅਪੀਲ ਕਰਦੇ ਹੋਏ ਕਿਹਾ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ । ਉਨ੍ਹਾਂ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਦੀ ਵਚਨਬੱਧਤਾ ਦੁਹਰਾਈ ਅਤੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੇ ਨਸ਼ਾ ਤਸਕਰਾਂ ਨੂੰ ਆਉਂਦੇ ਕੁਝ ਦਿਨਾਂ ਤੱਕ ਨਕੇਲ ਪਾਈ ਜਾ ਰਹੀ ਹੈ। ਉਧਰ ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਮੁੱਖ ਬੁਲਾਰੇ ਸੂਬਾ ਸਿੰਘ ਖਹਿਰਾ ਨੇ ਉਲੰਪਅਨ ਪ੍ਰਭਜੋਤ ਸਿੰਘ ’ਤੇ ਹਾਕੀ ਖੇਡ ਸਟੇਡੀਅਮ ਬਣਾਉਣ ਨੂੰ ਸ਼ਲਾਘਾਯੋਗ ਉਪਰਾਲਾ ਦੱਸਿਆ ਤੇ ਕਿਹਾ ਕਿ ਇਸ ਨਾਲ ਨੌਜਵਾਨ ਪੀੜ੍ਹੀ ਨੂੰ ਨਰੋਈ ਸੇਧ ਮਿਲੇਗੀ। ਦੱਸਣਯੋਗ ਹੈ ਕਿ ਓਲੰਪੀਅਨ ਪ੍ਰਭਜੋਤ ਸਿੰਘ ਮੌਜੂਦਾ ਸਮੇਂ ਇੰਡੀਅਨ ਆਇਲ ’ਚ ਸੀਨੀਅਨ ਅਧਿਕਾਰੀ ਵਜੋਂ ਤਾਇਨਾਤ ਹੈ।
ਬਟਾਲਾ (ਖੇਤਰੀ ਪ੍ਰਤੀਨਿੱਧ): ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਹਾਕੀ ਸਟਾਰ ਸਿਮਰਨਜੀਤ ਸਿੰਘ ਦੀ ਦਾਦੀ ਗੁਰਮੀਤ ਕੌਰ ਨੇ ਅੱਜ ਪਿੰਡ ਚਾਹਲ ਕਲਾਂ ਵਿਖੇ 6 ਲੱਖ ਰੁਪਏ ਦੀ ਲਾਗਤ ਨਾਲ ਬਣੇ ਹਾਕੀ ਸਟੇਡੀਅਮ ਦਾ ਉਦਘਾਟਨ ਕੀਤਾ ਜਿਸ ਦਾ ਨਾਂ ਹਾਕੀ ਸਟਾਰ ਉਲੰਪੀਅਨ ਸਿਮਰਨਜੀਤ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ।