ਅੰਮ੍ਰਿਤਸਰ ਵਿੱਚ 1321 ਵਿਅਕਤੀਆਂ ਨੇ ਕਰੋਨਾ ਨੂੰ ਦਿੱਤੀ ਮਾਤ

ਅੰਮ੍ਰਿਤਸਰ ਵਿੱਚ 1321 ਵਿਅਕਤੀਆਂ ਨੇ ਕਰੋਨਾ ਨੂੰ ਦਿੱਤੀ ਮਾਤ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ,1 ਅਗਸਤ

ਜ਼ਿਲ੍ਹਾ ਅੰਮ੍ਰਿਤਸਰ ਵਿੱਚ 1859 ਕੇਸਾਂ ਦੀ ਸ਼ਨਾਖਤ ਕੀਤੀ ਜਾ ਚੁੱਕੀ ਹੈ ਅਤੇ ਰੋਜ਼ਾਨਾ 50 ਤੋਂ ਵੱਧ ਮਰੀਜ਼ ਸਾਹਮਣੇ ਆ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਮਰੀਜ਼ਾਂ ਵਿੱਚੋਂ ਹੁਣ ਤਕ 1321 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਅਤੇ ਸਿਰਫ 460 ਕਰੋਨਾ ਮਰੀਜ਼ ਇਲਾਜ ਅਧੀਨ ਹਨ। ਗੜ੍ਹਸ਼ੰਕਰ(ਜੇ.ਬੀ.ਸੇਖੋਂ): ਅੱਜ ਇੱਥੇ ਛੇ ਹੋਰ ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ ਇਸ ਨਾਲ ਸ਼ਹਿਰ ਵਿੱਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਪੈਂਤੀ ਹੋ ਗਈ ਹੈ। ਅੱਜ ਇੱਥੇ ਇੱਕ ਜੂਸ ਭੰਡਾਰ ਦੇ ਪ੍ਰਬੰਧਕ ਪਰਿਵਾਰ ਨਾਲ ਸਬੰਧਤ ਇਕ ਹੋਰ ਔਰਤ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਵਾਰਡ ਨੰਬਰ ਅੱਠ ਵਿੱਚ ਇਕ ਪਰਿਵਾਰ ਦੇ ਮੁਖੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਕੀਤੇ ਟੈਸਟਾਂ ਦੌਰਾਨ ਅੱਜ ਬਾਰਾਂ ਸਾਲ ਦੇ ਲੜਕੇ ਅਤੇ ਪੰਦਰਾਂ ਸਾਲ ਦੀ ਲੜਕੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਇਸੇ ਵਾਰਡ ਦੇ ਵਸਨੀਕ ਇਕ ਹੋਰ ਵਿਅਕਤੀ ਸਮੇਤ ਇੱਕ ਹੋਰ ਵਾਰਡ ਦੀ 22 ਸਾਲਾ ਔਰਤ ਵੀ ਕਰੋਨਾ ਪ੍ਰਭਾਵਿਤ ਪਾਈ ਗਈ ਹੈ। ਐੱਸਐੱਮਓ ਡਾ ਟੇਕ ਰਾਜ ਭਾਟੀਆ ਅਨੁਸਾਰ ਕਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਸੰਪਰਕ ਵਾਲੇ ਵਿਅਕਤੀਆਂ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਪ੍ਰਭਾਵਿਤ ਮਰੀਜ਼ਾਂ ਨੂੰ ਏਕਾਂਤਵਾਸ ਕੀਤਾ ਜਾ ਰਿਹਾ ਹੈ। ਗੁਰਦਾਸਪੁਰ(ਜਤਿੰਦਰ ਬੈਂਸ):ਕਰੋਨਾ ਵਾਇਰਸ ਵਿਰੁੱਧ ਜੰਗ ਜਿੱਤਣ ਉਪਰੰਤ ਮੁੜ ਡਿਊਟੀ ’ਤੇ ਪਰਤੀ ਮਨਜਿੰਦਰ ਕੋਰ, ਰੇਡੀਓਗਰਾਫਰ, ਸਿਹਤ ਕੇਂਦਰ ਕਲਾਨੌਰ ਦਾ ਸਟਾਫ ਵੱਲੋਂ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਦੇ ਹੌਸਲੇ ਦੀ ਪ੍ਰਸ਼ੰਸਾਂ ਕੀਤੀ ਗਈ।

ਪਠਾਨਕੋਟ(ਪੱਤਰ ਪ੍ਰੇਰਕ): ਅੱਜ ਜ਼ਿਲ੍ਹੇ ਵਿੱਚ 23 ਹੋਰ ਨਵੇਂ ਕਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਐਕਟਿਵ ਕੇਸਾਂ ਦੀ ਗਿਣਤੀ 127 ਹੋ ਗਈ। ਜਿੰਨ੍ਹਾਂ ਵਿੱਚ 5 ਸੈਨਿਕ ਵੀ ਹਨ ਜਦ ਕਿ 18 ਸ਼ਹਿਰ ਦੇ ਅਲੱਗ-ਅਲੱਗ ਮੁਹੱਲਿਆਂ ਨਾਲ ਸਬੰਧਿਤ ਹਨ।

ਪਲਾਜ਼ਮਾ ਥੈਰੇਪੀ ਨਾਲ 4 ਕਰੋਨਾ ਮਰੀਜ਼ ਠੀਕ ਹੋਏ

ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਕਰੋਨਾ ਦੇ ਗੰਭੀਰ ਮਰੀਜ਼ਾਂ ਦਾ ਇਲਾਜ ਪਲਾਜ਼ਮਾ ਵਿਧੀ ਨਾਲ ਕੀਤੇ ਜਾਣ ਦੇ ਚੰਗੇ ਸਿੱਟੇ ਮਿਲ ਰਹੇ ਹਨ ਅਤੇ ਇਥੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਇਸ ਵਿਧੀ ਨਾਲ ਇਲਾਜ ਮਗਰੋਂ ਹੁਣ ਤਕ ਚਾਰ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਵਲੋਂ ਪਲਾਜ਼ਮਾ ਥੇਰੈਪੀ ਨਾਲ ਕਰੋਨਾ ਦੇ ਇਲਾਜ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਵਿਚਲੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਇਸ ਵਿਧੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸੇ ਤਹਿਤ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਦੇ ਪ੍ਰਬੰਧ ਹੇਠ ਗੁਰੂ ਨਾਨਕ ਦੇਵ ਹਸਪਤਾਲ ਵਿਚ ਵੀ ਇਸੇ ਵਿਧੀ ਨਾਲ ਕਰੋਨਾ ਮਰੀਜ਼ਾਂ ਦਾ ਇਲਾਜ ਜਾਰੀ ਹੈ।ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਹੁਣ ਹਾਲ ਹੀ ਵਿਚ ਪਲਾਜ਼ਮਾ ਵਿਧੀ ਨਾਲ ਮੌਲਵੀ ਮੁਹੰਮਦ ਅਮਾਨ ਉਲਾ ਠੀਕ ਹੋਏ ਹਨ।ਉਨ੍ਹਾਂ ਠੀਕ ਹੋਣ ਮਗਰੋਂ ਆਖਿਆ ਕਿ ਉਹ ਆਪਣਾ ਪਲਾਜ਼ਮਾ ਵੀ ਜ਼ਰੂਰ ਦਾਨ ਕਰਨਗੇ। ਕਾਲਜ ਪ੍ਰਿੰਸੀਪਲ ਨੇ ਦਸਿਆ ਕਿ ਜਦੋਂ ਕੋਈ ਵਿਅਕਤੀ ਕਿਸੇ ਬਿਮਾਰੀ ਤੋਂ ਠੀਕ ਹੋ ਕੇ ਬਾਹਰ ਆਉਂਦਾ ਹੈ ਤਾਂ ਉਸ ਵਿਅਕਤੀ ਦੇ ਸਰੀਰ ਅੰਦਰ ਉਸ ਰੋਗ ਨਾਲ ਲੜਨ ਦੀ ਸ਼ਕਤੀ ਆ ਜਾਂਦੀ ਹੈ। ਉਨ੍ਹਾਂ ਦੇ ਖੂਨ ਵਿੱਚੋਂ ਪਲਾਜਮਾ ਤੱਤਾਂ ਨੂੰ ਮਿਲਾ ਕੇ ਰੋਗੀਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਚਾਰ ਮਰੀਜ਼ਾਂ ਨੂੰ ਪਲਾਜ਼ਮਾ ਨਾਲ ਠੀਕ ਕੀਤਾ ਹੈ, ਉਹ 60 ਸਾਲ ਤੋਂ ਵਡੇਰੀ ਉਮਰ ਦੇ ਹਨ ਅਤੇ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਤੋਂ ਵੀ ਪੀੜਤ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All