ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਤੇ ਵਧੀਕ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੀ ਅਗਵਾਈ ਹੇਠ ਨਗਰ ਨਿਗਮ ਅੰਮ੍ਰਿਤਸਰ ਦੇ ਐਸਟੇਟ ਵਿਭਾਗ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਅਤੇ ਹੈਰੀਟੇਜ ਸਟਰੀਟ ਵਿੱਚ ਵਿਸ਼ੇਸ਼ ਨਾਜਾਇਜ਼ ਕਬਜ਼ਾ ਹਟਾਓ ਮੁਹਿੰਮ ਚਲਾਈ ਗਈ। ਸਕੱਤਰ-ਕਮ-ਐਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਅਤੇ ਐਸਟੇਟ ਅਫ਼ਸਰ ਧਰਮਿੰਦਰ ਜੀਤ ਸਿੰਘ ਦੀ ਨਿਗਰਾਨੀ ਹੇਠ ਹੋਈ ਇਸ ਕਾਰਵਾਈ ਦੌਰਾਨ ਇੰਸਪੈਕਟਰ ਪ੍ਰੀਤੀ ਚੌਹਾਨ, ਇੰਸਪੈਕਟਰ ਅਮਨ ਅਤੇ ਇਨਫੋਰਸਮੈਂਟ ਟੀਮ ਨੇ ਫੁਟਪਾਥਾਂ ਅਤੇ ਜਨਤਕ ਥਾਵਾਂ ਤੋਂ ਗ਼ੈਰ-ਕਾਨੂੰਨੀ ਸਟਾਲ, ਬੈਂਚ ਤੇ ਹੋਰ ਸਮਾਨ ਹਟਾ ਕੇ ਜ਼ਬਤ ਕਰ ਲਿਆ। ਇਸ ਤੋਂ ਇਲਾਵਾ ਹਰੀਪੁਰਾ ਖੇਤਰ ਵਿੱਚੋਂ ਨਾਜਾਇਜ਼ ਖੋਖਾ ਵੀ ਹਟਾਇਆ ਗਿਆ।
ਕਮਿਸ਼ਨਰ ਬਿਕਰਮਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਹੈਰੀਟੇਜ ਸਟਰੀਟ ਇੱਕ ਅਹਿਮ ਧਾਰਮਿਕ ਅਤੇ ਸੈਲਾਨੀ ਕੇਂਦਰ ਹੈ, ਜਿਸ ਨੂੰ ਹਰ ਹਾਲਤ ਵਿੱਚ ਕਬਜ਼ਾ-ਮੁਕਤ ਰੱਖਿਆ ਜਾਵੇਗਾ। ਫੁਟਪਾਥ ਸਿਰਫ਼ ਪੈਦਲ ਯਾਤਰੀਆਂ ਲਈ ਹਨ ਅਤੇ ਉੱਥੇ ਕਿਸੇ ਵਪਾਰਕ ਗਤੀਵਿਧੀ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਪਹਿਲਾਂ ਦਿੱਤੀਆਂ ਚਿਤਾਵਨੀਆਂ ਦੇ ਬਾਵਜੂਦ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇਹ ਸਖ਼ਤ ਕਾਰਵਾਈ ਕਰਨੀ ਪਈ।
ਵਧੀਕ ਕਮਿਸ਼ਨਰ ਜੈ ਇੰਦਰ ਸਿੰਘ ਨੇ ਕਿਹਾ ਕਿ ਖੇਤਰ ਦੀ ਸੁੰਦਰਤਾ, ਸਫ਼ਾਈ ਅਤੇ ਗਰਿਮਾ ਨੂੰ ਬਣਾਈ ਰੱਖਣ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਨਗਰ ਨਿਗਮ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਦੁਬਾਰਾ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਸਾਮਾਨ ਜ਼ਬਤ ਕਰਨ ਸਣੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

