Maqboolpura ’ਚ ਨਸ਼ਾ ਤਸਕਰਾਂ ਦੀ ਨਾਜਾਇਜ਼ ਜਾਇਦਾਦ ਢਾਹੀ
ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਚਲ ਰਹੀ ਕਾਰਵਾਈ ਦੌਰਾਨ ਨਗਰ ਨਿਗਮ ਨੇ ਅੱਜ ਮਕਬੂਲਪੁਰਾ ਵਿੱਚ ਨਸ਼ੀਲੇ ਪਦਾਰਥਾਂ ਦੇ ਕਥਿਤ ਤਸਕਰਾਂ ਦੇ ਪਰਿਵਾਰ ਦੀ ਗੈਰ-ਕਾਨੂੰਨੀ ਤੌਰ ’ਤੇ ਪ੍ਰਾਪਤ ਜਾਇਦਾਦ ਨੂੰ ਢਾਹ ਦਿੱਤਾ। ਢਾਹੀ ਗਈ ਇਹ ਜਾਇਦਾਦ ਸੁਰਿੰਦਰ ਕੌਰ ਉਰਫ ਸਵਿੰਦਰ ਕੌਰ...
ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਚਲ ਰਹੀ ਕਾਰਵਾਈ ਦੌਰਾਨ ਨਗਰ ਨਿਗਮ ਨੇ ਅੱਜ ਮਕਬੂਲਪੁਰਾ ਵਿੱਚ ਨਸ਼ੀਲੇ ਪਦਾਰਥਾਂ ਦੇ ਕਥਿਤ ਤਸਕਰਾਂ ਦੇ ਪਰਿਵਾਰ ਦੀ ਗੈਰ-ਕਾਨੂੰਨੀ ਤੌਰ ’ਤੇ ਪ੍ਰਾਪਤ ਜਾਇਦਾਦ ਨੂੰ ਢਾਹ ਦਿੱਤਾ। ਢਾਹੀ ਗਈ ਇਹ ਜਾਇਦਾਦ ਸੁਰਿੰਦਰ ਕੌਰ ਉਰਫ ਸਵਿੰਦਰ ਕੌਰ ਵਾਸੀ ਗਲੀ ਨੰਬਰ 12, ਮਕਬੂਲਪੁਰਾ ਦੀ ਸੀ। ਉਸ ਵਿਰੁੱਧ ਐੱਨ ਡੀ ਪੀ ਐੱਸ ਐਕਟ ਅਤੇ ਰੋਕਥਾਮ ਕਾਰਵਾਈ ਅਧੀਨ ਕਈ ਕੇਸ ਦਰਜ ਹਨ ਅਤੇ ਉਹ ਇਸ ਵੇਲੇ ਵੀ ਜੇਲ੍ਹ ਵਿੱਚ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੋ ਮੌਕੇ ’ਤੇ ਮੌਜੂਦ ਸਨ, ਨੇ ਦੱਸਿਆ ਕਿ ਸੁਰਿੰਦਰ ਕੌਰ ਉਰਫ ਸਵਿੰਦਰ ਕੌਰ (66) ਅਨਪੜ੍ਹ ਤੇ ਘਰੇਲੂ ਵਿਧਵਾ ਔਰਤ ਹੈ। ਉਸ ਦੇ ਖਿਲਾਫ 11 ਕੇਸ ਦਰਜ ਹਨ ਅਤੇ ਉਹ ਫਰਵਰੀ ਮਹੀਨੇ ਤੋਂ ਜੇਲ੍ਹ ਵਿੱਚ ਹੈ। ਔਰਤ ਦੇ ਪਰਿਵਾਰ ਵਿੱਚੋਂ ਉਸ ਦੀ ਧੀ ਅਤੇ ਨੂੰਹ ਦੋਵਾਂ ਦੇ ਖ਼ਿਲਾਫ਼ ਕੇਸ ਦਰਜ ਹਨ ਅਤੇ ਦੋਵੇਂ ਹੀ ਜੇਲ੍ਹ ਵਿੱਚ ਹਨ। ਇਸ ਔਰਤ ਦਾ ਪੁੱਤਰ ਵੀ ਜੇਲ੍ਹ ਵਿੱਚ ਹੈ ਅਤੇ 2 ਦੀ ਮੌਤ ਹੋ ਚੁੱਕੀ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਅੰਮ੍ਰਿਤਸਰ ਪੁਲੀਸ ਵੱਲੋਂ ਹੁਣ ਤੱਕ ਅਜਿਹੇ ਮਾਮਲਿਆਂ ਵਿੱਚ 24 ਜਾਇਦਾਦਾਂ ਨੂੰ ਢਹਿ ਢੇਰੀ ਕੀਤਾ ਜਾ ਚੁੱਕਾ ਹੈ।
ਨਿਗਮ ਦੀ ਟੀਮ ਨੇ ਨਾਜਾਇਜ਼ ਕਬਜ਼ੇ ਹਟਾਏ
ਫਗਵਾੜਾ (ਪੱਤਰ ਪ੍ਰੇਰਕ): ਇੱਥੇ ਸ਼ਹਿਰ ਦੇ ਰੇਲਵੇ ਰੋਡ ’ਤੇ ਅੱਜ ਨਗਰ ਨਿਗਮ ਦੀ ਤਹਿ ਬਾਜ਼ਾਰੀ ਟੀਮ ਵੱਲੋਂ ਨਾਜਾਇਜ਼ ਕਬਜ਼ਿਆਂ ਤਹਿਤ ਕਾਫ਼ੀ ਸਾਮਾਨ ਜ਼ਬਤ ਕੀਤਾ ਗਿਆ। ਇੰਸਪੈਕਟਰ ਦੀਪਕ ਨੇ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਨਿਗਮ ਦੀ ਟੀਮ ਵਲੋਂ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜੇ ਅੱਗਿਓਂ ਵੀ ਕਿਸੇ ਨੇ ਰੋਡ ’ਤੇ ਨਾਜਾਇਜ਼ ਕਬਜ਼ਾ ਕੀਤਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੜਕ ’ਤੇ ਲੱਗੇ ਸਰਕਾਰੀ ਸਾਈਨ ਬੋਰਡਾਂ ’ਤੇ ਵੀ ਕੁਝ ਦੁਕਾਨਦਾਰਾਂ ਵੱਲੋਂ ਆਪਣੇ ਬੋਰਡ ਲਗਾਏ ਗਏ ਸਨ, ਜੋ ਅਧਿਕਾਰੀਆਂ ਵੱਲੋਂ ਮੌਕੇ ’ਤੇ ਹੀ ਉਤਾਰੇ ਗਏ।
ਚਾਰ ਮੁਲਜ਼ਮਾਂ ਤੋਂ ਤਿੰਨ ਪਿਸਤੌਲ ਅਤੇ ਕਿੱਲੋ ਅਫੀਮ ਬਰਾਮਦ
ਜਲੰਧਰ (ਖੇਤਰੀ ਪ੍ਰਤੀਨਿਧ): ਪੁਲੀਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਚਾਰ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਤਿੰਨ ਪਿਸਤੌਲ, ਦੋ ਰੌਂਦ ਅਤੇ ਕਿਲੋ ਅਫੀਮ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਧੰਨਪ੍ਰੀਤ ਕੌਰ ਨੇ ਦੱਸਿਆ ਕਿ ਡੀ ਸੀ ਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ, ਏ ਡੀ ਸੀ ਪੀ ਜੇਅੰਤ ਪੁਰੀ ਅਤੇ ਸੀ ਆਈ ਏ ਸਟਾਫ ਨੇ ਕਾਰਵਾਈ ਕਰਕੇ ਮਕਸੂਦਾ ਚੌਕ ਨੇੜਿਓਂ ਆਸ਼ੀਸ਼ ਉਰਫ ਸਹੋਤਾ ਵਾਸੀ ਪਿੰਡ ਚੱਕ ਖੁਰਦ ਥਾਣਾ ਨਕੋਦਰ ਅਤੇ ਮਨਿੰਦਰ ਗਿੱਲ ਵਾਸੀ ਪਿੰਡ ਭੱਦਮਾ ਥਾਣਾ ਸ਼ਾਹਕੋਟ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਅਤੇ ਦੋ ਰੌਂਦ ਬਰਾਮਦ ਕੀਤੇ ਹਨ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਪੁਲੀਸ ਡਿਵੀਜ਼ਨ ਨੰਬਰ ਇੱਕ ਵਿੱਚ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਦੀ ਦੂਜੀ ਟੀਮ ਨੇ ਗਸ਼ਤ ਦੌਰਾਨ ਅਨਿਲ ਉਰਫ ਬੁੱਗੀ ਵਾਸੀ ਗਰੀਨ ਐਵਨਿਊ ਕਾਲਾ ਸੰਘਿਆਂ ਰੋਡ ਜਲੰਧਰ ਅਤੇ ਵਿਕਰਮ ਸਿੰਘ ਉਰਫ ਵਿੱਕੀਵਾਸੀ ਕਾਂਸ਼ੀ ਨਗਰ ਥਾਣਾ ਫਿਰੋਜ਼ਪੁਰ ਸਿਟੀ ਨੂੰ ਕਾਬੂ ਕਰਕੇ, ਕਿਲੋ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਭਾਰਗੋ ਕੈਂਪ ਵਿੱਚ ਕੇਸ ਦਰਜ ਕੀਤਾ ਗਿਆ ਹੈ।

