ਗੁਰਬਖਸ਼ਪੁਰੀ
ਤਰਨ ਤਾਰਨ, 29 ਜਨਵਰੀ
ਇਲਾਕੇ ਦੇ ਪਿੰਡ ਰੁੜੇਆਸਲ ਵਿਚ ਪਿੰਡ ਦੇ ਐਨ ਵਿਚਕਾਰ ਸਥਿਤ ਇਕ ਛੱਪੜ ਦੀ ਸਫਾਈ ਦੇ ਨਾਂ ‘ਤੇ ਬੀਤੇ ਤਿੰਨ ਮਹੀਨਿਆਂ ਤੋਂ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਗੈਰ-ਕਾਨੂੰਨੀ ਮਾਈਨਿੰਗ ਤੋਂ ਪ੍ਰਸ਼ਾਸਨ ਪੂਰੀ ਤਰ੍ਹਾਂ ਅੱਖਾਂ ਬੰਦ ਕਰੀ ਬੈਠਾ ਹੈ| ਇਸ ਛੱਪੜ ਦੀ ਸਫਾਈ ਕਰਨ ਲੱਗਿਆਂ ਪਹਿਲਾਂ ਤੋਂ ਜੰਮੀ ਗਾਰ ਨੂੰ ਕੱਢਣ ਤੋਂ ਬਾਅਦ ਆਈ ਮਿੱਟੀ ਦੇ ਬਾਅਦ ਧਰਤੀ ਹੇਠੋਂ ਰੇਤ ਵੀ ਆ ਚੁੱਕੀ ਹੈ ਅਤੇ ਇਸ ਰੇਤ ਨੂੰ ਵੀ 10 ਫੁੱਟ ਡੂੰਘੀ ਤੱਕ ਪੁੱਟ ਲਿਆ ਗਿਆ ਹੈ| ਇਸ ਦੇ ਬਾਵਜੂਦ ‘ਸਫਾਈ’ ਕਰਨ ਵਾਲੇ ਰਾਤ ਦਿਨ ਰੇਤ ਕੱਢੀ ਜਾ ਰਹੇ ਹਨ| ਪਿੰਡ ਤੋਂ ਰੇਤ ਦੀਆਂ ਭਰੀਆਂ ਟਰਾਲੀਆਂ 24 ਘੰਟੇ ਤਰਨ ਤਾਰਨ, ਜੰਡਿਆਲਾ ਗੁਰੂ ਆਦਿ ਸ਼ਹਿਰਾਂ ਤੋਂ ਇਲਾਵਾ ਆਸ-ਪਾਸ ਦੇ ਪਿੰਡਾਂ ਨੂੰ ਜਾ ਰਹੀਆਂ ਹਨ| ਹਜ਼ਾਰਾਂ ਟਰਾਲੀਆਂ ਰੇਤ ਰੁੜੇਆਸਲ ਦੇ ਨੇੜੇ ਚੁਤਾਲਾ ਤੋਂ ਇਲਾਵਾ ਹੋਰ ਪਿੰਡਾਂ ਦੇ ਥਾਵਾਂ ‘ਤੇ ਡੰਪ ਕਰ ਲਿਆ ਹੈ| ਸਥਿਤੀ ਦਾ ਇਕ ਹੋਰ ਖਤਰਨਾਕ ਪਹਿਲੂ ਇਹ ਵੀ ਹੈ ਕਿ ਸਫਾਈ ਕੀਤੇ ਜਾ ਰਹੇ ਇਸ ਛੱਪੜ ਦੇ ਆਸ ਪਾਸ ਪਿੰਡ ਦੀ ਸੰਘਣੀ ਆਬਾਦੀ ਹੈ ਜਿਥੋਂ ਲੋਕਾਂ ਦਾ ਸਾਰਾ ਦਿਨ ਆਉਣਾ-ਜਾਣਾ ਬਣਿਆ ਰਹਿੰਦਾ ਹੈ| ਲੋਕਾਂ ਦੇ ਘਰਾਂ ਤੋਂ ਪਸ਼ੂ ਵੀ ਬਾਹਰ-ਅੰਦਰ ਆਉਂਦੇ ਜਾਂਦੇ ਹਨ| ਪੁੱਟੇ ਜਾ ਰਹੇ ਇਸ ਛੱਪੜ ਦੇ ਆਸ ਪਾਸ ਸਾਵਧਾਨੀ ਦੇ ਤੌਰ ‘ਤੇ ਕੋਈ ਬਚਾਅ-ਦੀਵਾਰ ਤੱਕ ਵੀ ਨਹੀਂ ਕੀਤੀ ਗਈ, ਜਿਥੇ ਕਿਸੇ ਵੇਲੇ ਵੀ ਡੂੰਘੀ ਖੱਡ ਵਿਚ ਬੱਚਾ ਜਾਂ ਫਿਰ ਪਸ਼ੂ ਆਦਿ ਡਿੱਗ ਸਕਦਾ ਹੈ| ਦਿਹਾਤੀ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਕੰਮ ਪਿੰਡ ਦੇ ਕੁਝ ਲੋਕਾਂ ਵਲੋਂ ਆਪਣੇ ਪੱਧਰ ‘ਤੇ ਹੀ ਕੀਤਾ ਜਾ ਰਿਹਾ ਹੈ| ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਤਰਸੇਮ ਸਿੰਘ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਵਲੋਂ ਇਹ ਕੰਮ ਪੰਚਾਇਤ ਦੀ ਸਹਿਮਤੀ ਨਾਲ ਕੀਤਾ ਜਾ ਰਿਹਾ ਹੈ| ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ (ਬੀਡੀਪੀਓ) ਨੌਸ਼ਹਿਰਾ ਪੰਨੂਆਂ ਦਿਲਬਾਗ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਬੇਖਬਰ ਹਨ| ਅਧਿਕਾਰੀ ਨੇ ਇਸ ਸਬੰਧੀ ਹੋਰ ਜਾਣਕਾਰੀ ਦੇਣ ਦੀ ਗੱਲ ਆਖਦਿਆਂ ਮੋਬਾਈਲ ਬੰਦ ਕਰ ਦਿੱਤਾ ਪਰ ਜਾਣਕਾਰੀ ਨਹੀਂ ਦਿੱਤੀ| ਮਾਮਲੇ ਬਾਰੇ ਮਾਈਨਿੰਗ ਵਿਭਾਗ ਦੇ ਜਿਲ੍ਹਾ ਮਾਈਨਿੰਗ ਅਧਿਕਾਰੀ ਵਿਸ਼ਾਲ ਮਹਿਤਾ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਹੁੰਗਾਰਾ ਨਹੀਂ ਦਿੱਤਾ ਅਤੇ ਵਟਸਐੱਪ ‘ਤੇ ਮੈਸੇਜ ਦਾ ਵੀ ਜਵਾਬ ਨਹੀਂ ਦਿੱਤਾ| ਵਿਭਾਗ ਦੇ ਇੰਸਪੈਕਟਰ ਅਸ਼ਵ ਨੇ ਵੀ ਇਸ ਮਾਮਲੇ ਦੀ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਅਤੇ ਕਿਹਾ ਕਿ ਉਹ ਵਿਭਾਗ ਵਿਚ ਅਜੇ ਨਵੇਂ ਹੀ ਆਏ ਹਨ|