ਗੁਰਬਖ਼ਸ਼ਪੁਰੀ
ਤਰਨ ਤਾਰਨ, 23 ਅਕਤੂਬਰ
ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ਼ ਅੱਜ ਇਥੋਂ ਦੇ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ (ਡੀਏਸੀ) ਸਾਹਮਣੇ ਜ਼ਿਲ੍ਹਾ ਭਰ ਤੋਂ ਕੇਸਰੀ ਦੁਪੱਟੇ ਲੈ ਕੇ ਆਈਆਂ ਵੱਡੀ ਗਿਣਤੀ ਕਿਸਾਨ ਬੀਬੀਆਂ ਨੇ ਸਰਕਾਰ ਖਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ| ਇਨ੍ਹਾਂ ਅਣਖੀਲੀਆਂ ਕਿਸਾਨ ਬੀਬੀਆਂ ਨੇ ਸਰਕਾਰ ਦੇ ਕਾਨੂੰਨਾਂ ਨੂੰ ਕਿਸਾਨੀ ਕਿੱਤਾ ਤਬਾਹ ਕਰਨ ਦੇ ਬਰਾਬਰ ਆਖਿਆ| ਅੰਦੋਲਨਕਾਰੀ ਬੀਬੀਆਂ ਨੇ ਇਸ ਖਿਲਾਫ਼ ਕੌਮੀ ਸ਼ਾਹ ਮਾਰਗ ਤੇ ਆਵਾਜਾਈ ਰੋਕ ਕੇ ਜ਼ਬਰਦਸਤ ਵਿਖਾਵਾ ਵੀ ਕੀਤਾ| ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ.ਅਤੇ ਉਸਦੇ ਅਡਾਨੀ, ਅੰਬਾਨੀ ਆਦਿ ਜੋਤੀਦਾਰਾਂ ਦੇ ਪੁਤਲੇ ਵੀ ਸਾੜੇ| ਇਸ ਮੌਕੇ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜਸਬੀਰ ਸਿੰਘ ਪਿੱਦੀ, ਹਰਪ੍ਰੀਤ ਸਿੰਘ ਸਿਧਵਾਂ, ਬੀਬੀ ਰਣਜੀਤ ਕੌਰ ਕੱਲ੍ਹਾ, ਗੁਰਮੀਤ ਕੌਰ ਸੁਰਵਿੰਡ, ਦਵਿੰਦਰ ਕੌਰ ਪਿੱਦੀ, ਕੁਲਵੰਤ ਕੌਰ, ਗੁਰਚਰਨ ਕੌਰ ਤੁੜ ਨੇ ਵਿਚਾਰ ਪੇਸ਼ ਕੀਤੇ|
ਜਲੰਧਰ (ਪਾਲ ਸਿੰਘ ਨੌਲੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨਾਂ ਨੇ ਲੋਹੀਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਅੰਬਾਨੀ ਤੇ ਅਡਾਨੀ ਦੇ ਰਾਵਣ ਰੂਪੀ ਪੁਤਲੇ ਫੂਕ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਪ੍ਰਗਟਾਇਆ। ਜਥੇਬੰਦੀ ਦੇ ਜ਼ਿਲਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਸ਼ਾਹਕੋਟ ਜ਼ੋਨ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਸਾਂਝੀ ਅਗਵਾਈ ਵਿੱਚ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਮੋਦੀ, ਸ਼ਾਹ, ਅਬਾਨੀ ਅਤੇ ਅਡਾਨੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੂਬਾਈ ਖਜ਼ਾਨਚੀ ਗੁਰਲਾਲ ਸਿੰਘ ਪੰਡੋਰੀ ਨੇ ਕਿਹਾ ਕਿ 25 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਨੂੰ ਪੰਜਾਬ ਦੇ ਸਾਰੇ ਪਿੰਡਾਂ ਵਿੱਚ ‘ਰਾਵਣ ਰੂਪੀ ਮੋਦੀ’ ਅਤੇ ‘ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ’ ਦੇ ਪੁਤਲੇ ਫੂਕੇ ਜਾਣਗੇ।
ਟੌਲ ਪਲਾਜ਼ਿਆਂ ’ਤੇ ਕਿਸਾਨਾਂ ਦੇ ਧਰਨੇ ਜਾਰੀ
ਹੁਸ਼ਿਆਰਪੁਰ (ਹਰਪ੍ਰੀਤ ਕੌਰ): ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਅਤੇ ਬਿਜਲੀ ਬਿੱਲਾਂ ਵਿਰੁੱਧ ਛੇੜੇ ਅੰਦੋਲਨ ਤਹਿਤ ਲਾਚੋਵਾਲ ਟੌਲ ਪਲਾਜ਼ਾ ਵਿਖੇ ਦਿੱਤਾ ਜਾ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ। ਦੋਆਬਾ ਵਾਤਾਵਰਨ ਸੰਘਰਸ਼ ਕਮੇਟੀ ਦੇ ਗੁਰਦੀਪ ਸਿੰਘ ਖੁਣਖੁਣ, ਕਿਸਾਨ ਆਗੂ ਸਵਰਨ ਸਿੰਘ ਧੁੱਗਾ, ਓਮ ਸਿੰਘ ਸਟਿਆਣਾ, ਦਵਿੰਦਰ ਸਿੰਘ ਕੱਕੋਂ, ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ, ਅਕਬਰ ਸਿੰਘ ਬੂਰੇ ਜੱਟਾਂ, ਉਂਕਾਰ ਸਿੰਘ ਧਾਮੀ, ਕਰਮਜੀਤ ਸਿੰਘ ਲਾਚੋਵਾਲ, ਪਰਮਿੰਦਰ ਸਿੰਘ ਸੱਜਣਾਂ ਅਤੇ ਜਸਵੀਰ ਸਿੰਘ ਚੱਕੋਵਾਲ ਦੀ ਅਗਵਾਈ ਹੇਠ ਦਿੱਤੇ ਧਰਨੇ ਵਿਚ ਇਲਾਕੇ ਦੇ ਵੱਡੀ ਗਿਣਤੀ ’ਚ ਕਿਸਾਨਾਂ ਨੇ ਭਾਗ ਲਿਆ।
ਸ਼ਾਹਕੋਟ (ਗੁਰਮੀਤ ਖੋਸਲਾ): ਚੱਕ ਬਾਹਮਣੀਆਂ, ਗਿੱਦੜਪਿੰਡੀ ਅਤੇ ਸੰਗੋਵਾਲ ਦੇ ਟੌਲ ਪਲਾਜ਼ਿਆਂ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਏ ਧਰਨੇ ਨਿਰੰਤਰ ਜਾਰੀ ਹਨ। ਕਿਸਾਨ ਇਕੱਠਾਂ ਨੂੰ ਬਚਿੱਤਰ ਸਿੰਘ ਤੱਗੜ, ਚਰਨਜੀਤ ਥੰਮੂਵਾਲ, ਵਰਿੰਦਰਪਾਲ ਸਿੰਘ, ਸੋਨੂੰ ਅਰੋੜਾ, ਮਨੋਹਰ ਸਿੰਘ ਗਿੱਲ, ਰਾਮ ਸਿੰਘ ਕੈਮਵਾਲਾ, ਲਖਵਿੰਦਰ ਸਿੰਘ ਪੀਰ ਮੁਹੰਮਦ, ਪ੍ਰਗਟ ਸਿੰਘ, ਪਰਮਜੀਤ ਸਿੰਘ ਅੰਮੀਵਾਲ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਅਤੇ ਕਰਨੈਲ ਸਿੰਘ ਨੇ ਸੰਬੋਧਨ ਕੀਤਾ।
ਮਾਨਸਰ (ਮਨਪ੍ਰੀਤ ਸਿੰਘ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ ਪਠਾਨਕੋਟ ਕੌਮੀ ਮਾਰਗ ‘ਤੇ ਸਥਿਤ ਮਾਨਸਰ ਟੋਲ ਪਲਾਜ਼ਾ ਤੇ 13ਵੇਂ ਦਿਨ ਵੀ ਧਰਨਾ ਜਾਰੀ ਰਿਹਾ। ਪੇਰੈਂਟਸ ਐਸੋਸੀਏਸ਼ਨ ਮੁਕੇਰੀਆਂ ਦੇ ਕਾਰਕੁਨਾਂ ਨੇ ਧਰਨੇ ਦਾ ਸਮਰਥਨ ਦਿੱਤਾ। ਇਸ ਸਮੇਂ ਦਿਲਬਾਗ ਸਿੰਘ, ਉਂਕਾਰ ਸਿੰਘ, ਰਾਜਦੀਪ ਸਿੰਘ, ਬਲਵੀਰ ਸਿੰਘ, ਦੀਪਕ, ਅਵਤਾਰ ਸਿੰਘ ਬੋਬੀ, ਵਿਜੇ ਸਿੰਘ ਬਹਬਿਲ ਮੰਜ, ਸੋਰਵ ਮਿਨਹਾਸ ਬਿੱਲਾ, ਰਘੁਵੀਰ ਸਿੰਘ ਮੰਝਪੁਰ, ਮਾਸਟਰ ਯੋਧ ਸਿੰਘ, ਉਂਕਾਰ ਸਿੰਘ ਪੁਰਾਣਾ ਭੰਗਾਲਾ, ਕਸਮੀਰ ਸਿੰਘ, ਨਿਰਮਲ ਸਿੰਘ, ਧਰਮਿੰਦਰ ਸਿੰਘ ਸਿੰਬਲੀ, ਅਮਰਜੀਤ ਸਿੰਘ ਕਾਨੂੰਗੋ, ਅਰਜਨ ਸਿੰਘ ਕਜਲਾ, ਗੁਰਬਖ਼ਸ ਸਿੰਘ, ਰਘੁਵੀਰ ਸਿੰਘ ਹਿਯਾਤਪੁਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਕੇਂਦਰ ਸਰਕਾਰ ਖ਼ਿਲਾਫ਼ ਧਰਨੇ ਜਾਰੀ
ਗੁਰਦਾਸਪੁਰ (ਜਤਿੰਦਰ ਬੈਂਸ): ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਰੋਸ ਧਰਨਾ ਰੇਲਵੇ ਪਲੇਟ ਫਾਰਮ ’ਤੇ ਜਾਰੀ ਰਿਹਾ। ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਕਾਲੇ ਖੇਤੀ ਕਾਨੂੰਨ ਰੱਦ ਹੋਣ ਤੀਕ ਯਾਤਰੀ ਰੇਲ ਗੱਡੀਆਂ ਨਾ ਚੱਲਣ ਦੇਣ ਦੀ ਚਿਤਾਵਨੀ ਦਿੱਤੀ।ਧਰਨੇ ਨੂੰ ਜਸਬੀਰ ਸਿੰਘ ਕੱਤੋਵਾਲ, ਤਰਲੋਕ ਸਿੰਘ ਬਹਿਰਾਮਪੁਰ, ਰਘਬੀਰ ਸਿੰਘ ਪਕੀਵਾ, ਕਰਨੈਲ ਸਿੰਘ ਪੰਛੀ, ਕੰਵਲਜੀਤ ਸਿੰਘ ਪੰਡੋਰੀ, ਗੁਰਦੀਪ ਸਿੰਘ, ਅਸ਼ੋਕ ਭਾਰਤੀ, ਅਜੀਤ ਸਿੰਘ ਹੁੰਦਲ, ਜਗਜੀਤ ਸਿੰਘ, ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋੰ, ਅਮਰਜੀਤ ਸਿੰਘ ਸੈਣੀ, ਕਪੂਰ ਸਿੰਘ ਘੁੰਮਣ ਆਦਿ ਨੇ ਸੰਬੋਧਨ ਕੀਤਾ।
ਜੈਂਤੀਪੁਰ (ਜਗਤਾਰ ਸਿੰਘ ਛਿੱਤ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਧਰਨਾ 23ਵੇਂ ਦਿਨ ਵੀ ਜਾਰੀ ਰਿਹਾ। ਜਥੇਬੰਦੀ ਦੇ ਪ੍ਰੈਸ ਸਕੱਤਰ ਰਛਪਾਲ ਸਿੰਘ ਟਰਪਈ ਨੇ ਇਥੇ ਜਾਰੀ ਕੀਤੇ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਟੌਲ ਪਲਾਜ਼ੇ ’ਤੇ ਧਰਨਿਆਂ ਦੌਰਾਨ ਸਾਰੇ ਵਹੀਕਲ ਬਿਨਾਂ ਟੌਲ ਟੈਕਸ ਤੋਂ ਹੀ ਲੰਘਾਏ ਜਾ ਰਹੇ ਹਨ ਅਤੇ ਰਿਲਾਇੰਸ ਤੇ ਐੱਸਾਰ ਦੇ ਪੰਪਾਂ ਤੋਂ ਕੋਈ ਵੀ ਤੇਲ ਨਹੀਂ ਪਾਉਣ ਦਿੱਤਾ ਜਾ ਰਿਹਾ।