ਪੱਤਰ ਪ੍ਰੇਰਕ
ਧਾਰੀਵਾਲ, 26 ਸਤੰਬਰ
ਪਿੰਡ ਤਾਰੀਜਾ ਨਗਰ ਵਿੱਚ ਵਿਆਹੁਤਾ ਨੇ ਕੋਈ ਜ਼ਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕਾ ਦੀ ਪਛਾਣ ਰੀਟਾ ਉਰਫ ਪਿੰਕੀ (28 ਸਾਲ) ਪਤਨੀ ਅਲਬਖਸ਼ ਪੁੱਤਰ ਕਸ਼ਮੀਰ ਮਸੀਹ ਵਾਸੀ ਤਰੀਜਾ ਨਗਰ ਵਜੋਂ ਹੋਈ। ਮ੍ਰਿਤਕਾ ਦੇ ਪਿਤਾ ਗੁਰਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਢੇਸੀਆਂ ਥਾਣਾ ਕਾਹਨੂੰਵਾਨ ਨੇ ਥਾਣਾ ਧਾਰੀਵਾਲ ਦੀ ਪੁਲੀਸ ਨੂੰ ਦੱਸਿਆ ਕਿ ਉਸਦੀ ਲੜਕੀ ਰੀਟਾ ਉਰਫ ਪਿੰਕੀ ਦਾ ਪਤੀ ਅਲਬਖਸ਼, ਜੇਠ ਸੈਮ ਮਸੀਹ ਅਤੇ ਸੱਸ ਦੀਪੋ ਉਸ (ਰੀਟਾ ਉਰਫ ਪਿੰਕੀ) ਨੂੰ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਦੇ ਅਤੇ ਕੁੱਟਮਾਰ ਕਰਦੇ ਸਨ। ਇਨ੍ਹਾਂ ਤੋਂ ਤੰਗ ਆ ਕੇ ਰੀਟਾ ਉਰਫ ਪਿੰਕੀ ਨੇ ਜ਼ਹਿਰਲੀ ਦਵਾਈ ਖਾ ਕੇ ਆਤਮ ਹੱਤਿਆ ਕੀਤੀ ਹੈ। ਸਬ ਇੰਸਪੈਕਟਰ ਰਾਜਿੰਦਰ ਕੌਰ ਨੇ ਕਿਹਾ ਕਿ ਮ੍ਰਿਤਕਾ ਦੇ ਪਤੀ ਅਲਬਖਸ਼ ਅਤੇ ਜੇਠ ਸੈਮ ਮਸੀਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ।