ਪੱਤਰ ਪ੍ਰੇਰਕ
ਤਰਨ ਤਾਰਨ, 13 ਸਤੰਬਰ
ਤਰਨ ਤਾਰਨ ਦੇ ਜ਼ਿਲ੍ਹਾ ਪੱਧਰ ਦੇ ਸਿਵਲ ਹਸਪਤਾਲ ਵਿੱਚ ਆਊਟਸੋਰਸ ਅਧਾਰ ’ਤੇ ਕੰਮ ਕਰਦੇ ਸਫਾਈ ਸੇਵਕਾਂ ਨੇ ਉਨ੍ਹਾਂ ਨੂੰ ਬੀਤੇ ਕਈ ਮਹੀਨਿਆਂ ਤੋਂ ਮਿਹਨਤਾਨਾ ਨਾ ਮਿਲਣ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਅੱਜ ਹਸਪਤਾਲ ਦੇ ਅੰਦਰ ਦਿਨ ਭਰ ਲਈ ਧਰਨਾ ਦਿੱਤਾ| ਸਫਾਵੀ ਸੇਵਕਾਂ ਦੇ ਆਗੂ ਹਰਬੰਸ ਸਿੰਘ ਦੀ ਅਗਵਾਈ ਵਿੱਚ ਦਿੱਤੇ ਧਰਨੇ ਵਿੱਚ ਸ਼ਾਮਲ ਸਫ਼ਾਈ ਸੇਵਕਾਂ ਨੂੰ ਹੋਰਨਾਂ ਤੋਂ ਇਲਾਵਾ ਗੁਰਜੀਤ ਕੌਰ, ਸੁਰਿੰਦਰ ਸਿੰਘ, ਸੁਖਵਿੰਦਰ ਕੌਰ, ਕੁਲਵਿੰਦਰ ਸਿੰਘ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਕਿਹਾ ਕਿ ਉਹ ਬੀਤੇ ਸਮੇਂ ਤੋਂ ਡਿਪਟੀ ਕਮਿਸ਼ਨਰ, ਸਿਵਲ ਸਰਜਨ ਸਮੇਤ ਜਿਲ੍ਹੇ ਦੇ ਹੋਰਨਾਂ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਬਣਦਾ ਮਿਹਨਤਾਨਾ ਦਿਲਵਾਉਣ ਦੀ ਮੰਗ ਕਰਦੇ ਆ ਰਹੇ ਹਨ ਪਰ ਉਨ੍ਹਾਂ ਦੀ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਨੂੰ ਸੰਘਰਸ਼ ਦੇ ਰਾਹ ਤੁਰਨਾ ਪੈ ਰਿਹਾ ਹੈ। ਆਗੂਆਂ ਨੇ ਠੇਕੇਦਾਰਾਂ ਨੂੰ ਹਾਕਮ ਧਿਰ ਦੀ ਸਰਪ੍ਰਸਤੀ ਹਾਸਲ ਹੋਣ ਦਾ ਵੀ ਦੋਸ਼ ਲਗਾਇਆ| ਆਗੂਆਂ ਨੇ ਉਨ੍ਹਾਂ ਦਾ ਰੁਕਿਆ ਮਿਹਨਤਾਨਾ ਤੁਰੰਤ ਜਾਰੀ ਨਾ ਕਰਨ ’ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ| ਉਨ੍ਹਾਂ ਪ੍ਰਸ਼ਾਸਨ ਨੂੰ ਹੋਰਨਾਂ ਮੰਗਾਂ ਅਤੇ ਮਸਲਿਆਂ ਦਾ ਵੀ ਤੁਰੰਤ ਨਿਪਟਾਰਾ ਕੀਤੇ ਜਾਣ ਦੀ ਅਪੀਲ ਕੀਤੀ ਹੈ|