ਕਿਸੇ ਤੇਜ਼ ਰਫਤਾਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਮੋਟਰਸਾਈਕਲ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਛ ਮੁਕੇਸ਼ ਕੁਮਾਰ ਅਤੇ ਪਿੰਕਲ ਗੁਪਤਾ ਵਾਸੀ ਰਾਏਪੁਰ ਕਥਲੌਰ ਵਜੋਂ ਹੋਈ ਹੈ। ਇਹ ਹਾਦਸਾ ਗਤੋਰਾ ਪਿੰਡ ਕੋਲ ਹਾਈਡਲ ਨਹਿਰ ਨੇੜੇ ਟਾਟਾ ਮੋਟਰਜ਼ ਵਰਕਸ਼ਾਪ ਦੇ ਸਾਹਮਣੇ ਵਾਪਰਿਆ। ਸੁਜਾਨਪੁਰ ਦੀ ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਪੋਸਟਮਾਰਟਮ ਕਰਵਾਉਣ ਬਾਅਦ ਲਾਸ਼ਾਂ ਵਾਰਿਸਾਂ ਨੂੰ ਸੌਂਪ ਦਿੱਤੀਆਂ।
ਪਿੰਡ ਰਾਏਪੁਰ ਕਥਲੌਰ ਵਾਸੀ ਤਰਸੇਮ ਲਾਲ ਨੇ ਦੱਸਿਆ ਕਿ ਉਸ ਦਾ ਵੱਡਾ ਪੁੱਤਰ ਮੁਕੇਸ਼ ਕੁਮਾਰ (33) ਪਠਾਨਕੋਟ ਦੀ ਸਬਜ਼ੀ ਮੰਡੀ ਵਿੱਚ ਫਲਾਂ ਦੀ ਫੜ੍ਹੀ ਲਾਉਂਦਾ ਸੀ। ਉਹ ਸਵੇਰੇ 4 ਵਜੇ ਆਪਣੇ ਗੁਆਂਢੀ ਪਿੰਕਲ ਗੁਪਤਾ ਵਾਸੀ ਰਾਏਪੁਰ ਕਥਲੌਰ (52) ਨਾਲ ਮੋਟਰਸਾਈਕਲ ’ਤੇ ਪਠਾਨਕੋਟ ਲਈ ਰਵਾਨਾ ਹੋਏ ਸਨ। ਸਵੇਰੇ ਕਰੀਬ 6 ਵਜੇ ਉਸ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਮੁਕੇਸ਼ ਕੁਮਾਰ ਦਾ ਐਕਸੀਡੈਂਟ ਹੋ ਗਿਆ ਹੈ। ਉੱਥੇ ਜਾ ਕੇ ਦੇਖਿਆ ਕਿ ਉਨ੍ਹਾਂ ਦੇ ਪੁੱਤਰ ਮੁਕੇਸ਼ ਕੁਮਾਰ ਅਤੇ ਪਿੰਕਲ ਗੁਪਤਾ ਦੀਆਂ ਲਾਸ਼ਾਂ ਸੜਕ ’ਤੇ ਪਈਆਂ ਸਨ ਅਤੇ ਮੋਟਰਸਾਈਕਲ ਨੁਕਸਾਨਿਆ ਗਿਆ ਸੀ। ਹਾਦਸੇ ਮਗਰੋਂ ਅਣਪਛਾਤਾ ਵਾਹਨ ਚਾਲਕ ਆਪਣੇ ਵਾਹਨ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ।
ਟਰੱਕ ਤੇ ਮਹਿੰਦਰਾ ਪਿਕਅੱਪ ਦੀ ਟੱਕਰ, ਇੱਕ ਮੌਤ
ਭਿੱਖੀਵਿੰਡ (ਰਣਬੀਰ ਸਿੰਘ): ਭਿੱਖੀਵਿੰਡ-ਖੇਮਕਰਨ ਰੋਡ ’ਤੇ ਪਿੰਡ ਮਾੜੀ ਗੌੜ ਸਿੰਘ ਨੇੜੇ ਲਾਈਮ ਲਾਈਟ ਪੈਲੇਸ ਨੇੜੇ ਟਰੱਕ ਅਤੇ ਮਹਿੰਦਰਾ ਪਿਕਅੱਪ ਵਿਚਾਲੇ ਟੱਕਰ ਹੋ ਗਈ। ਇਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਉਰਫ਼ ਭੋਲਾ (35) ਪੁੱਤਰ ਸੁਰਿੰਦਰ ਕੁਮਾਰ ਵਾਸੀ ਖੇਮਕਰਨ ਵਜੋਂ ਹੋਈ ਹੈ। ਜ਼ਖ਼ਮੀ ਦੀ ਪਛਾਣ ਜਤਿੰਦਰ ਸਿੰਘ (32) ਪੁੱਤਰ ਦੇਸਾ ਸਿੰਘ ਵਾਸੀ ਖੇਮਕਰਨ ਵਜੋਂ ਹੋਈ ਹੈ। ਹਾਦਸੇ ਮਗਰੋਂ ਮਹਿੰਦਰਾ ਪਿਕਅੱਪ ਗੱਡੀ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਨੇੜਲੇ ਲੋਕਾਂ ਨੂੰ ਰਾਡਾਂ ਦੀ ਮਦਦ ਨਾਲ ਗੱਡੀ ਦੀਆਂ ਬਾਰੀਆਂ ਤੋੜਨੀਆਂ ਪਈਆਂ। ਮਗਰੋਂ ਸੜਕ ਸੁਰੱਖਿਆ ਫੋਰਸ ਦੀ ਮਦਦ ਨਾਲ ਦੋਵਾਂ ਨੂੰ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਪਵਨ ਕੁਮਾਰ ਉਰਫ਼ ਭੋਲਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਜਤਿੰਦਰ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਸਪਤਾਲ ਵਿੱਚ ਜ਼ੇਰੇ ਇਲਾਜ ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਮੰਡੀਆਂ ਵਿੱਚੋਂ ਛਾਣ ਖਰੀਦਣ ਦਾ ਕੰਮ ਕਰਨ ਵਾਲੇ ਪਵਨ ਕੁਮਾਰ ਉਰਫ਼ ਭੋਲਾ ਨਾਲ ਦਿਹਾੜੀ ’ਤੇ ਕੰਮ ਕਰਦਾ ਹੈ। ਉਹ ਸ਼ਾਮ ਕਰੀਬ ਪੰਜ ਵਜੇ ਭਿੱਖੀਵਿੰਡ ਤੋਂ ਖੇਮਕਰਨ ਵੱਲ ਜਾ ਰਹੇ ਸਨ। ਜਦੋਂ ਉਹ ਪਿੰਡ ਮਾੜੀ ਗੌੜ ਸਿੰਘ ਨੇੜੇ ਲਾਈਮ ਲਾਈਟ ਪੈਲੇਸ ਨੇੜੇ ਪਹੁੰਚੇ ਤਾਂ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਪਿਕਅੱਪ ਗੱਡੀ ਨੂੰ ਟੱਕਰ ਮਾਰ ਦਿੱਤੀ। ਥਾਣਾ ਭਿੱਖੀਵਿੰਡ ਦੇ ਮੁਖੀ ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

