ਭਰਵੇਂ ਮੀਂਹ ਨੇ ਸ਼ਹਿਰਾਂ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਖੋਲ੍ਹੀ ਪੋਲ

ਪਾਣੀ ’ਚ ਕਰੰਟ ਆਉਣ ਨਾਲ ਰੇਹੜਾ ਘੋੜੀ ਤੇ ਇੱਕ ਕੁੱਤਾ ਮਰੇ, ਨੀਵੇਂ ਇਲਾਕਿਆਂ ’ਚ ਭਰਿਆ ਪਾਣੀ

ਭਰਵੇਂ ਮੀਂਹ ਨੇ ਸ਼ਹਿਰਾਂ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਖੋਲ੍ਹੀ ਪੋਲ

ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਮੂਹਰੇ ਭਰਿਆ ਬਰਸਾਤ ਦਾ ਪਾਣੀ। ।-ਫੋਟੋ:ਐਨ.ਪੀ.ਧਵਨ

ਐਨ.ਪੀ.ਧਵਨ
ਪਠਾਨਕੋਟ,1 ਅਗਸਤ

ਅੱਜ ਸਵੇਰੇ ਹੋਈ ਮੂਸਲੇਧਾਰ ਬਾਰਸ਼ ਨਾਲ ਸਾਰਾ ਸ਼ਹਿਰ ਜਲਮਗਨ ਹੋ ਗਿਆ ਅਤੇ ਸ਼ਹਿਰ ਦੀਆਂ ਸੜਕਾਂ ਉਪਰ 2-2 ਫੁੱਟ ਪਾਣੀ ਜਮ੍ਹਾਂ ਹੋ ਜਾਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਮੌਨਸੂਨ ਦੀ ਹੋਈ ਪਹਿਲੀ ਭਰਵੀਂ ਬਰਸਾਤ ਨੇ ਨਗਰ ਨਿਗਮ ਦੇ ਬਰਸਾਤੀ ਪਾਣੀ ਦੇ ਨਿਕਾਸੀ ਲਈ ਕੀਤੇ ਗਏ ਸਾਰੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਸ਼ਹਿਰ ਦੀਆਂ ਸੜਕਾਂ ਤਲਾਬਾਂ ਦੇ ਰੂਪ ਵਿੱਚ ਨਜ਼ਰ ਆਈਆਂ, ਸਿਵਲ ਹਸਪਤਾਲ ਅੰਦਰ ਪਾਣੀ ਭਰ ਜਾਣ ਨਾਲ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਭਾਰੀ ਮੁਸ਼ਕਲਾਂ ਆਈਆਂ। ਇਥੇ ਹੀ ਬੱਸ ਨਹੀਂ ਸ਼ਹਿਰ ਦੇ ਪ੍ਰਮੁੱਖ ਗਾਂਧੀ ਚੌਂਕ ਦੇ ਨਾਲ ਲੱਗਦੇ ਮਿਉਂਸਪਲ ਬਾਜ਼ਾਰ ਵਿੱਚ ਪਾਣੀ ’ਚ ਕਰੰਟ ਆ ਗਿਆ ਜਿਸ ਨਾਲ ਉਥੇ ਸਬਜ਼ੀ ਲੈ ਕੇ ਆਏ ਇੱਕ ਰੇਹੜੇ ਦੀ ਘੋੜੀ ਮਰ ਗਈ ਜਦ ਕਿ ਉਸ ਨੂੰ ਬਚਾਉਣ ਵਿੱਚ ਲੱਗਾ ਉਸ ਦਾ ਮਾਲਕ ਵੀ ਕਰੰਟ ਦੀ ਲਪੇਟ ਵਿੱਚ ਆ ਗਿਆ ਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਦੇ ਇਲਾਵਾ ਇੱਕ ਹੋਰ ਰੇਹੜੇ ਦੇ ਘੋੜੇ ਨੂੰ ਬਚਾ ਲਿਆ ਗਿਆ ਤੇ ਉਥੇ ਇੱਕ ਕੁੱਤਾ ਵੀ ਕਰੰਟ ਦੀ ਲਪੇਟ ਵਿੱਚ ਆ ਕੇ ਮਰ ਗਿਆ। ਸ਼ਹਿਰ ਦੇ ਕਈ ਮੁਹੱਲਿਆਂ ਵਿੱਚ ਪਾਣੀ ਘਰਾਂ ਅੰਦਰ ਵੜ ਗਿਆ।ਇਸ ਬਰਸਾਤ ਨਾਲ ਪਠਾਨਕੋਟ ਦੇ ਸਿਵਲ ਹਸਪਤਾਲ ਵਾਲੀ ਸੜਕ, ਓਲਡ ਸ਼ਾਹਪੁਰ ਰੋਡ, ਬਾਊਲੀਆਂ ਚੌਂਕ, ਗਾਂਧੀ ਚੌਂਕ, ਜੀਐਨਡੀਯੂ ਕਾਲਜ ਦੇ ਕੋਲ ਖੱਡੀ ਖੱਡ ਦੀ ਪੁਲੀ, ਡਲਹੌਜ਼ੀ ਰੋਡ, ਕਾਲੀ ਮਾਤਾ ਮੰਦਰ ਰੋਡ, ਢਾਂਗੂ ਰੋਡ ਪਾਣੀ ਵਿੱਚ ਡੁੱਬ ਗਏ।ਪੈਦਲ ਜਾ ਰਹੇ ਤਿੰਨ ਵਿਅਕਤੀ ਤਾਂ ਹਸਪਤਾਲ ਮੂਹਰਿਓਂ ਲੰਘਦੇ ਨਾਲੇ ਵਿੱਚ ਜਾ ਡਿੱਗੇ ਤੇ ਮਸਾਂ ਬਚੇ। ਜਦ ਕਿ ਕਰੋਨਾ ਕਾਰਨ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਵਿੱਚ ਹੀ ਅੱਜ ਕੱਲ੍ਹ ਮਰੀਜ਼ਾਂ ਨੂੰ ਚੈਕਅੱਪ ਕਰਨ ਲਈ ਓਪੀਡੀ ਵਾਰਡ ਖੋਲ੍ਹਿਆ ਹੋਇਆ ਹੈ ਪਰ ਐਮਰਜੈਂਸੀ ਵਾਰਡ ਦੇ ਮੂਹਰੇ ਪਾਣੀ ਖੜ੍ਹ ਜਾਣ ਨਾਲ ਮਰੀਜ਼ਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।ਇਥੇ ਖੱਡੀ ਖੱਡ ਵਿੱਚ ਇੰਨਾ ਪਾਣੀ ਆ ਗਿਆ ਕਿ ਇੱਕ ਆਂਡਿਆਂ ਨਾਲ ਭਰੀ ਗੱਡੀ ਨੂੰ ਡਰਾਈਵਰ ਨੇ ਜਦ ਖੱਡ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਪਾਣੀ ਵਿੱਚ ਹੀ ਫਸ ਗਈ ਤੇ ਗੱਡੀ ਵਿੱਚ ਪਏ ਹੋਏ ਆਂਡੇ ਪਾਣੀ ਵਿੱਚ ਤੈਰਨ ਲੱਗੇ। ਡਰਾਈਵਰ ਦੀ ਭਾਰੀ ਕੋਸ਼ਿਸ਼ ਬਾਅਦ ਜਦ ਤੱਕ ਗੱਡੀ ਪਾਣੀ ਵਿੱਚੋਂ ਬਾਹਰ ਨਿਕਲੀ ਤਾਂ ਉਸ ਵੇਲੇ ਤੱਕ ਕਾਫੀ ਆਂਡੇ ਖੱਡ ਦੇ ਪਾਣੀ ਵਿੱਚ ਰੁੜ੍ਹ ਗਏ। ਆਂਡਿਆਂ ਨੂੰ ਪਾਣੀ ਵਿੱਚ ਤੈਰਦੇ ਹੋਏ ਦੇਖ ਕੇ ਕੁੱਝ ਲੋਕਾਂ ਨੇ ਆਂਡੇ ਇਕੱਤਰ ਕਰ ਲਏ। ਜਦ ਕਿ ਗੱਡੀ ਵਾਲੇ ਨੂੰ ਆਂਡੇ ਰੁੜ੍ਹ ਜਾਣ ਨਾਲ ਆਰਥਿਕ ਨੁਕਸਾਨ ਉਠਾਉਣਾ ਪਿਆ।

ਆਂਡਿਆ ਦੀ ਗੱਡੀ ਊਲਟਣ ਬਾਅਦ ਆਂਡੇ ਇਕੱਤਰ ਕਰਦੀ ਹੋਈ ਔਰਤ।-ਫੋਟੋ:ਐਨ.ਪੀ.ਧਵਨ

ਕਰਤਾਰਪੁਰ(ਗੁਰਨੇਕ ਸਿੰਘ ਵਿਰਦੀ): ਅੱਜ ਹੋਈ ਬਰਸਾਤ ਕਾਰਨ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਮੁੱਖ ਸੜਕ ਉੱਪਰ ਅਤੇ ਸਰਕਾਰੀ ਹਸਪਤਾਲ ਮੁੱਖ ਸੜਕ ਤੋਂ ਨੀਵਾਂ ਹੋਣ ਕਾਰਨ ਉੱਥੇ ਪਾਣੀ ਜਮ੍ਹਾਂ ਹੋ ਗਿਆ।

ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਪਏ ਮੋਹਲੇਧਾਰ ਮੀਂਹ ਨੇ ਪਿਛਲੇ 15 ਦਿਨਾਂ ਤੋਂ ਅੰਤਾਂ ਦੀ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਜਿੱਥੇ ਰਾਹਤ ਦਿਵਾਈ, ਉੱਥੇ ਬਲਾਚੌਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੇ ਨੀਂਵੇਂ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All