ਪੱਤਰ ਪ੍ਰੇਰਕ
ਅਜਨਾਲਾ, 30 ਅਗਸਤ
ਤਹਿਸੀਲ ਅਜਨਾਲਾ ਦੇ ਪਿੰਡ ਜੱਗੀਵਾਲ ਵਿੱਚ ਅੱਜ ਇੱਕ ਵਿਅਕਤੀ ਨੇ ਗੋਲੀ ਮਾਰ ਕੇ ਇੱਕ ਨਾਬਾਲਗ ਲੜਕੀ ਦਾ ਕਤਲ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਮੁਲਜ਼ਮ ਨੂੰ ਮੁੱਢਲੀ ਸਹਾਇਤਾ ਲਈ ਸਿਵਲ ਹਸਪਤਾਲ ਅਜਨਾਲਾ ਲਿਆਂਦਾ ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਇਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਸਬੰਧੀ ਥਾਣਾ ਅਜਨਾਲਾ ਦੇ ਐੱਸਐੱਚਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਦਲਬੀਰ ਸਿੰਘ ਬਿੱਟੂ ਵਾਸੀ ਦੀਵੇਵਾਲੀ ਨੇ ਅੱਜ ਪਿੰਡ ਜੱਗੀਵਾਲ ਜਾ ਕੇ ਇੱਕ ਨਾਬਾਲਗ ਲੜਕੀ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਣ ਮਗਰੋਂ ਜਦੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਆਰੰਭੀ ਤਾਂ ਪਤਾ ਲੱਗਿਆ ਕਿ ਉਕਤ ਮੁਲਜ਼ਮ ਨੇ ਅਜਨਾਲਾ ਦੇ ਹੀ ਪਿੰਡ ਅਲੀਵਾਲ ਕੋਟਲੀ ਵਿੱਚ ਖੁਦ ਨੂੰ ਗੋਲੀ ਮਾਰ ਲਈ ਹੈ। ਪੁਲੀਸ ਨੇ ਤੁਰੰਤ ਘਟਨਾ ਵਾਲੇ ਸਥਾਨ ’ਤੇ ਪਹੁੰਚ ਕੇ ਜ਼ਖ਼ਮੀ ਦਲਬੀਰ ਸਿੰਘ ਨੂੰ ਹਸਪਤਾਲ ਪਹੁੰਚਾਇਆ। ਪੁਲੀਸ ਅਨੁਸਾਰ ਮੁਲਜ਼ਮ ਨੇ ਖ਼ੁਦਕੁਸ਼ੀ ਕਰਨ ਦੇ ਉਦੇਸ਼ ਹਿਤ ਆਪਣੇ ਢਿੱਡ ਵਿੱਚ ਗੋਲੀ ਮਾਰੀ ਸੀ, ਜੋ ਉਸ ਦੇ ਢਿੱਡ ਨੂੰ ਚੀਰਦੀ ਹੋਈ ਬਾਹਰ ਨਿਕਲ ਗਈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਲੰਬੇ ਸਮੇਂ ਤੋਂ ਲੜਕੀ ਨੂੰ ਵਿਆਹ ਕਰਵਾਉਣ ਲਈ ਪ੍ਰੇਸ਼ਾਨ ਕਰ ਰਿਹਾ ਸੀ, ਪਰ ਲੜਕੀ ਤੇ ਪਰਿਵਾਰ ਵੱਲੋਂ ੲਿਨਕਾਰ ਕਰਨ ’ਤੇ ਉਸ ਨੇ ਅੱਜ ਇਸ ਵਾਰਦਾਤ ਨੂੰ ਅੰਜਾਮ ਦਿੱਤਾ।