
ਗੁਰਵਿੰਦਰ ਸਿੰਘ ਬਹਿੜਵਾਲ ਵਲੋਂ ਅਹੁਦੇ ਦਾ ਚਾਰਜ ਸੰਭਾਲਣ ’ਤੇ ਮੁਬਾਰਕਾਂ ਦਿੰਦੇ ਹੋਏ ਸਪੀਕਰ, ਡਿਪਟੀ ਸਪੀਕਰ ਅਤੇ ਮੰਤਰੀ| ਫੋਟੋ: ਗੁਰਬਖਸ਼ਪੁਰੀ
ਪੱਤਰ ਪ੍ਰੇਰਕ
ਤਰਨ ਤਾਰਨ, 31 ਜਨਵਰੀ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ ਨੇ ਅੱਜ ਇਥੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਦੇ ਅਹੁਦਾ ਸੰਭਾਲ ਲਿਆ| ਉਨ੍ਹਾਂ ਵਲੋਂ ਅਹੁਦੇ ਦਾ ਚਾਰਜ ਸੰਭਾਲਣ ਵੇਲੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਲਾਲਜੀਤ ਸਿੰਘ ਭੁੱਲਰ, ਹਰਭਜਨ ਸਿੰਘ ਈ. ਟੀ. ਓ., ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਸਰਵਨ ਸਿੰਘ ਧੁੰਨ, ਡਾ. ਕਸ਼ਮੀਰ ਸਿੰਘ ਸੋਹਲ, ਮਨਜਿੰਦਰ ਸਿੰਘ ਲਾਲਪੁਰਾ ਅਤੇ ਦਲਬੀਰ ਸਿੰਘ ਟੌਂਗ ਹਾਜ਼ਰੀ ਸਨ| ਇਸ ਮੌਕੇ ਪਾਰਟੀ ਦੇ ਜਿਲ੍ਹਾ ਭਰ ਤੋਂ ਆਗੂ ਅਤੇ ਵਰਕਰ ਵੀ ਹਾਜ਼ਰ ਸਨ| ਗੁਰਵਿੰਦਰ ਸਿੰਘ ਬਹਿੜਵਾਲ ਨੇ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਪਣਾ ਅਹੁਦਾ ਸੰਭਾਲਿਆ। ਇਸ ਸਬੰਧੀ ਕੀਤੇ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਤੋਂ ਇਲਾਵਾ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਹਾਜ਼ਰ ਹੋਏ। ਹਾਜ਼ਰ ਹੋਏ ਆਗੂਆਂ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਗੁਰਵਿੰਦਰ ਸਿੰਘ ਬਹਿੜਵਾਲ ਨੂੰ ਚੇਅਰਮੈਨ ਦੇ ਤੌਰ ’ਤੇ ਸਰਕਾਰ ਵਲੋਂ ਨਿਯੁਕਤ ਕਰਨ ਨੂੰ ਸਾਫ-ਸੁਥਰੀ ਰਾਜਨੀਤੀ ਦੀ ਮਿਸਾਲ ਕਿਹਾ ਅਤੇ ਭਰੋਸਾ ਜਤਾਇਆ ਕਿ ਗੁਰਵਿੰਦਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਯੋਜਨਾ ਕਮੇਟੀ ਜ਼ਿਲ੍ਹੇ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਏਗੀ। ਸਮਾਗਮ ਨੂੰ ਗੁਰਵਿੰਦਰ ਸਿੰਘ ਬਹਿੜਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਜ਼ਿਲ੍ਹੇ ਦਾ ਯੋਜਨਾਬਧ ਵਿਕਾਸ ਕਰਨ ਨੂੰ ਪਹਿਲ ਦੇਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਾਸਤੇ ਯੋਜਨਾ ਬੋਰਡ ਵੱਲੋਂ ਖਾਕਾ ਤਿਆਰ ਕੀਤਾ ਜਾਵੇਗਾ, ਜਿਸ ਨੂੰ ਲਾਗੂ ਕਰਕੇ ਜ਼ਿਲ੍ਹੇ ਨੂੰ ਵਿਕਾਸ ਮੁਖੀ ਤੇ ਲੋਕ ਪੱਖੀ ਲੀਹਾਂ ’ਤੇ ਤੋਰਿਆ ਜਾਵੇਗਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ