Governor ਨੇ ਲਕਸ਼ਮੀ ਕਾਂਤਾ ਚਾਵਲਾ ਨਾਲ ਮੁਲਾਕਾਤ ਕੀਤੀ
ਭਾਜਪਾ ਆਗੂ ਦੀ ਸਿਹਤ ਦਾ ਹਾਲ ਪੁੱਛਿਆ; ਧਾਰਮਿਕ ਸਮਾਗਮ ਵਿੱਚ ਸ਼ਮੂਲੀਅਤ ਕੀਤੀ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਸ਼ਾਮ ਸਾਬਕਾ ਮੰਤਰੀ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਣਿਆ।
ਉਹ ਇੱਥੇ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਚਿਨਮਯ ਮਿਸ਼ਨ ਜਥੇਬੰਦੀ ਵੱਲੋਂ ਇਥੇ 1008 ਹਵਨ ਕਰਵਾਏ ਗਏ ਹਨ, ਜਿਸ ਵਿੱਚ ਰਾਜਪਾਲ ਨੇ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਆਖਿਆ ਕਿ ਉਹ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿੱਚ ਕੀਤੇ ਜਾ ਰਹੇ ਹਵਨ ਵਾਲੇ ਸਮਾਗਮ ਵਿੱਚ ਸ਼ਾਮਲ ਹੋਏ ਹਨ। ਲਕਸ਼ਮੀ ਕਾਂਤਾ ਚਾਵਲਾ ਨਾਲ ਮੁਲਾਕਾਤ ਕਰਨ ਮੌਕੇ ਰਾਜਪਾਲ ਨੇ ਕਿਹਾ ਕਿ ਪ੍ਰੋਫੈਸਰ ਚਾਵਲਾ ਦੀ ਸਮਾਜ ਸੇਵਾ ਵਿੱਚ ਬਹੁਤ ਵੱਡੀ ਦੇਣ ਹੈ ਅਤੇ ਉਨ੍ਹਾਂ ਸਾਰੀ ਉਮਰ ਆਪਣਾ ਜੀਵਨ ਲੋਕ ਸੇਵਾ ਨੂੰ ਸਮਰਪਿਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਚਾਵਲਾ ਇਕ ਵਿਅਕਤੀ ਨਾ ਹੋ ਕੇ ਇੱਕ ਸੰਸਥਾ ਹਨ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖ ਸਕਦੀ ਹੈ।
ਉਨ੍ਹਾਂ ਪ੍ਰੋਫੈਸਰ ਲਕਸਮੀ ਕਾਂਤਾ ਚਾਵਲਾ ਦੇ ਸਿਹਤਮੰਦ ਹੋਣ ਅਤੇ ਲਮੇਰਾ ਜੀਵਨ ਜਿਊਣ ਦੀ ਕਾਮਨਾ ਕੀਤੀ। ਇਸ ਮੌਕੇ ਪ੍ਰੋਫੈਸਰ ਲਕਸ਼ਮੀ ਕਾਂਤਾ ਚਾਵਲਾ ਨੇ ਰਾਜਪਾਲ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਕੁਝ ਮੰਗਾਂ ਵੀ ਰਾਜਪਾਲ ਅੱਗੇ ਰੱਖੀਆਂ। ਉਨ੍ਹਾਂ ਸ਼ਹੀਦ ਮਦਨ ਲਾਲ ਢੀਂਗਰਾ ਦੀ ਤਸਵੀਰ ਦੇ ਕੇ ਰਾਜਪਾਲ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ। ਇਸ ਮੌਕੇ ਦੁਰਗਿਆਣਾ ਕਮੇਟੀ ਦੇ ਡਾ. ਰਾਕੇਸ਼ ਸ਼ਰਮਾ, ਮੈਡਮ ਮਾਲਾ ਚਾਵਲਾ, ਵਿਸ਼ਾਲ ਸ਼ਰਮਾ, ਏ ਸੀ ਪੀ ਸੁਰਿੰਦਰ ਸਿੰਘ, ਸਾਹਿਲ, ਵਿਕਾਸ ਖੰਨਾ, ਵਿੱਤ ਸਕੱਤਰ ਵਿਮਲ ਕੁਮਾਰ ਵੀ ਹਜ਼ਾਰ ਸਨ।

