ਕਣਕ ਦੀ ਚੁਕਾਈ ’ਚ ਸਰਕਾਰ ਫ਼ੇਲ੍ਹ: Gurjeet Singh Aujla
ਲੋਕ ਸਭਾ ਮੈਂਬਰ ਨੇ ਖਤਰਾਏ ਕਲਾਂ ਦੀ ਦਾਣਾ ਮੰਡੀ ਦਾ ਦੌਰਾ ਕੀਤਾ
ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਖਤਰਾਏ ਕਲਾਂ ਦੀ ਦਾਣਾ ਮੰਡੀ ਵਿੱਚ ਪਹੁੰਚੇ। ਇਸ ਮੌਕੇ ਉਨ੍ਹਾਂ ਕਣਕ ਦੀ ਚੁਕਾਈ ਨਾ ਹੋਣ ਕਰ ਕੇ ਖੁੱਲ੍ਹੇ ਅਸਮਾਨ ਵਿੱਚ ਪਈ ਕਣਕ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਚਾਰ ਕੀਤੀ। ਇਸ ਮੌਕੇ ਔਜਲਾ ਨੇ ਪੰਜਾਬ ਸਰਕਾਰ ਦੀਆਲੋਚਨਾ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਕਣਕ ਦੀ ਢੋਆ ਢੁਆਈ ਦੇ ਪ੍ਰਬੰਧ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਕਿਉਂਕਿ ਮੰਡੀਆਂ ਵਿੱਚ ਕਿਸਾਨਾਂ ਦੀ ਮਿਹਨਤ ਨਾਲ ਤਿਆਰ ਕੀਤੀ ਕਣਕ ਕਈ ਦਿਨਾਂ ਤੋਂ ਖੁੱਲ੍ਹੇ ਅਸਮਾਨ ਹੇਠ ਪਈ ਹੈ, ਜੋ ਪ੍ਰਸ਼ਾਸਨ ਅਤੇ ਰਾਜ ਸਰਕਾਰ ਦੀ ਲਾਪ੍ਰਵਾਹੀ ਨੂੰ ਦਰਸਾਉਂਦੀ ਹੈ। ਟੈਂਡਰ ਪ੍ਰਣਾਲੀ ਰਾਹੀਂ ਨਿਯੁਕਤ ਏਜੰਸੀਆਂ ਕੋਲ ਲੋੜੀਂਦੇ ਸਾਧਨਾਂ ਦੀ ਘਾਟ ਕਾਰਨ ਚੁਕਾਈ ਦੀ ਪ੍ਰਕਿਰਿਆ ਬਹੁਤ ਢਿੱਲੀ ਗਤੀ ਨਾਲ ਚੱਲ ਰਹੀ ਹੈ। ਇਸ ਕਾਰਨ ਆੜ੍ਹਤੀਆਂ ’ਤੇ ਆਰਥਿਕ ਬੋਝ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਅਧਿਕਾਰੀਆਂ ਅਤੇ ਠੇਕੇਦਾਰਾਂ ਵਿਚਲੀ ਸੰਭਾਵਿਤ ਮਿਲੀਭੁਗਤ ਦੇ ਸੰਕੇਤ ਵੀ ਸਾਹਮਣੇ ਆਏ ਹਨ, ਜਿੱਥੇ ਮਨਮਾਨੇ ਢੰਗ ਨਾਲ ਢੁਆਈ ਦੇ ਰੇਟ ਨਿਰਧਾਰਤ ਕਰਕੇ ਗੈਰ-ਕਾਨੂੰਨੀ ਵਸੂਲੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਆੜ੍ਹਤੀ ਪ੍ਰਸ਼ੋਤਮ ਸਿੰਘ ਬਾਠ, ਸੱਜਣ ਸਿੰਘ ਖਤਰਾਏ ਕਲਾਂ, ਸੇਵਾ ਸਿੰਘ ਝੰਡੇਰ, ਆੜ੍ਹਤੀ ਹਰਜੀਤ ਸਿੰਘ, ਹਰਜਿੰਦਰ ਸਿੰਘ ਬਾਊ ਧੁੱਪਸੜੀ, ਸੁਖਬੀਰ ਸਿੰਘ ਤੇੜਾ ਖੁਰਦ, ਮਨਜੀਤ ਸਿੰਘ ਮੰਨਾ, ਗੁਰਪ੍ਰੀਤ ਸਿੰਘ ਗੋਪੀ, ਪ੍ਰੇਮ ਪ੍ਰਕਾਸ਼, ਢਿੱਲੋਂ ਕਮਿਸ਼ਨ ਏਜੰਟ ਹਾਜ਼ਰ ਸਨ।

