Gold Seized: ਹਵਾਈ ਅੱਡੇ ’ਤੇ ਯਾਤਰੂ ਕੋਲੋਂ 484 ਗ੍ਰਾਮ ਸੋਨਾ ਬਰਾਮਦ
ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਕੁਆਲਾਲੰਪੁਰ ਰਾਹੀਂ ਮੈਲਬੌਰਨ ਤੋਂ ਆਏ ਯਾਤਰੂ ਦੇ ਕੋਲੋਂ ਸੋਨੇ ਦੇ ਗਹਿਣਿਆਂ ਦੇ ਰੂਪ ਵਿੱਚ 484 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਦੋ ਹੋਰ ਘਟਨਾਵਾਂ ਵਿੱਚ ਵੀ 250...
ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਕੁਆਲਾਲੰਪੁਰ ਰਾਹੀਂ ਮੈਲਬੌਰਨ ਤੋਂ ਆਏ ਯਾਤਰੂ ਦੇ ਕੋਲੋਂ ਸੋਨੇ ਦੇ ਗਹਿਣਿਆਂ ਦੇ ਰੂਪ ਵਿੱਚ 484 ਗ੍ਰਾਮ ਸੋਨਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਦੋ ਹੋਰ ਘਟਨਾਵਾਂ ਵਿੱਚ ਵੀ 250 ਗ੍ਰਾਮ ਤੋਂ ਵੱਧ ਸੋਨਾ ਬਰਾਮਦ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਤੇ 2 ਜੁਲਾਈ ਦੀ ਦਰਮਿਆਨੀ ਰਾਤ ਨੂੰ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਫਲਾਈਟ ਨੰਬਰ ਐਮਐਚ 118 ਰਾਹੀਂ ਮੈਲਬੌਰਨ ਤੋਂ ਕੁਆਲਾਲੰਪੁਰ ਰਸਤੇ ਆਏ ਇੱਕ ਪੁਰਸ਼ ਯਾਤਰੀ ਨੂੰ ਰੋਕਿਆ। ਐਕਸ-ਰੇਅ ਸਕੈਨਿੰਗ, ਨਿੱਜੀ ਤਲਾਸ਼ੀ ਤੇ ਜਾਂਚ ਦੌਰਾਨ ਉਸ ਕੋਲੋ ਦੋ ਚੂੜੀਆਂ ਅਤੇ ਇੱਕ ਚੇਨੀ ਰੂਪ ਵਿੱਚ 484 ਗ੍ਰਾਮ 24 ਕੈਰੇਟ ਸੋਨਾ ਬਰਾਮਦ ਹੋਇਆ, ਜਿਸ ਦੀ ਕੀਮਤ 70,66,400 ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਬਰਾਮਦ ਸੋਨਾ ਜ਼ਬਤ ਕਰ ਕੇ ਯਾਤਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਲੰਘੇ ਦਿਨੀਂ ਦੋ ਹੋਰ ਘਟਨਾਵਾਂ ਵਿੱਚ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਫਲਾਈਟ ਨੰਬਰ IX 138 ਰਾਹੀਂ ਸ਼ਾਰਜਾਹ ਤੋਂ ਆਈ ਮਹਿਲਾ ਯਾਤਰੀ ਨੂੰ ਰੋਕਿਆ। ਤਲਾਸ਼ੀ ਦੌਰਾਨ ਉਸ ਕੋਲੋਂ ਪੇਸਟ ਦੇ ਰੂਪ ਵਿੱਚ 114 ਗ੍ਰਾਮ ਸੋਨਾ ਬਰਾਮਦ ਹੋਇਆ। ਵਜ਼ਨ ਕਰਨ ਇਸ ’ਚੋਂ ਸੋਨੇ ਦਾ ਕੁੱਲ ਭਾਰ 90.21 ਗ੍ਰਾਮ ਨਿਕਲਿਆ, ਜਿਸ ਦੀ ਕੀਮਤ 13,26,087 ਰੁਪਏ ਹੈ। ਇੱਕ ਹੋਰ ਘਟਨਾ ਵਿੱਚ ਡੀ ਆਰ ਆਈ ਅੰਮ੍ਰਿਤਸਰ, ਅਤੇ ਕਸਟਮ ਅਧਿਕਾਰੀਆਂ ਦੁਆਰਾ ਹਵਾਈ ਅੱਡੇ ’ਤੇ ਸਾਂਝੇ ਅਪਰੇਸ਼ਨ ਦੌਰਾਨ ਸ਼ਾਰਜਾਹ ਤੋਂ ਫਲਾਈਟ ਨੰਬਰ 6ਈ-1428 ਰਾਹੀਂ ਆਏ ਯਾਤਰੀ ਕੋਲੋਂ ਪੇਸਟ ਦੇ ਰੂਪ ਵਿੱਚ 174 ਗ੍ਰਾਮ ਸੋਨਾ ਬਰਾਮਦ ਕੀਤਾ, ਜਿਸ ਵਿੱਚੋਂ ਸੋਨੇ ਦਾ ਕੁੱਲ ਭਾਰ 150.04 ਗ੍ਰਾਮ ਪਾਇਆ ਗਿਆ, ਜਿਸ ਦੀ ਕੀਮਤ 22,05,588 ਰੁਪਏ ਹੈ।
