Goindwal Sahib police protest: ਕਿਸਾਨਾਂ-ਮਜ਼ਦੂਰਾਂ ਨੇ ਡੀ ਐੱਸ ਪੀ ਦਫ਼ਤਰ ਘੇਰਿਆ
ਆਮ ਲੋਕਾਂ ਦੀਆਂ ਦਰਖਾਸਤਾਂ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਦੀ ਅਗਵਾਈ ਹੇਠ ਡੀ ਐੱਸ ਪੀ ਗੋਇੰਦਵਾਲ ਸਾਹਿਬ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਧਰਨੇ ਦੀ ਕਮਾਨ ਸੰਭਾਲ ਰਹੇ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਰੇਸ਼ਮ ਸਿੰਘ ਘੁਰਕਵਿੰਡ ਅਤੇ ਸ੍ਰੀ ਮੀਆਂਵਿੰਡ ਸਮੇਤ ਸ਼ਾਮਲ ਕਿਸਾਨਾਂ-ਮਜ਼ਦੂਰਾਂ ਵੱਲੋਂ ਡੀ ਐੱਸ ਪੀ ਗੋਇੰਦਵਾਲ ਸਾਹਿਬ ਦੇ ਦਫ਼ਤਰ ਬਾਹਰ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦਿਆਲ ਸਿੰਘ ਮੀਆਂਵਿੰਡ ਨੇ ਦੋਸ਼ ਲਾਇਆ ਕਿ ਗੋਇੰਦਵਾਲ ਸਾਹਿਬ ਦੀ ਪੁਲੀਸ ਕਥਿਤ ਸਿਆਸੀ ਦਬਾਅ ਹੇਠ ਆ ਕੇ ਆਮ ਲੋਕਾਂ ’ਤੇ ਝੂਠੇ ਪਰਚੇ ਦਰਜ ਕਰ ਰਹੀ ਹੈ ਜਦਕਿ ਮਹੀਨਿਆਂ ਤੋਂ ਪਈਆਂ ਦਰਖਾਸਤਾਂ ’ਤੇ ਪੁਲੀਸ ਅਫ਼ਸਰ ਕਥਿਤ ਸਿਆਸੀ ਦਬਾਅ ਕਾਰਨ ਕਾਰਵਾਈ ਨਹੀਂ ਕਰ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਥਾਣਿਆਂ ’ਚ ਲੋਕਾਂ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸਤਨਾਮ ਸਿੰਘ ਮਾਨੋਚਹਾਲ ਤੇ ਹਰਜਿੰਦਰ ਸਿੰਘ ਸ਼ਕਰੀ ਨੇ ਦੱਸਿਆ ਕਿ ਇਹ ਧਰਨਾ 8 ਜ਼ੋਨਾਂ ਨਾਲ ਸਬੰਧਤ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਲਾਇਆ ਗਿਆ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਦਰਖਾਸਤਾਂ ’ਤੇ ਤੁਰੰਤ ਕਾਰਵਾਈ ਨਾ ਹੋਈ ਅਤੇ ਝੂਠੇ ਕੇਸ ਰੱਦ ਨਾ ਕੀਤੇ ਗਏ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਡੀ ਐੱਸ ਪੀ ਹਰਿੰਦਰ ਸਿੰਘ ਨੂੰ ਸਮੱਸਿਆਵਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ, ਜਿਸ ’ਤੇ ਉਨ੍ਹਾਂ ਵੱਲੋਂ ਸੱਤ ਦਿਨਾਂ ਅੰਦਰ ਸਾਰੀਆਂ ਦਰਖਾਸਤਾਂ ਨਿਪਟਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਢੋਟੀ, ਜ਼ੋਨ ਪ੍ਰਧਾਨ ਕਲਵੰਤ ਸਿੰਘ ਢੋਟੀਆਂ, ਜਗਜੀਤ ਸਿੰਘ ਭਲੋਜਲਾ, ਨਰਿੰਦਰ ਸਿੰਘ ਪੱਖੋਪੁਰ, ਸੁਖਵਿੰਦਰ ਸਿੰਘ ਦੁੱਗਲਵਾਲ, ਹਰਬਿੰਦਰ ਸਿੰਘ ਕੰਗ, ਸੁਖਚੈਨ ਸਿੰਘ ਆਲੋਵਾਲ, ਬਲਵਿੰਦਰ ਸਿੰਘ ਚੋਹਲਾ ਸਾਹਿਬ, ਪਾਖਰ ਸਿੰਘ ਲਾਲਪੁਰਾ ਤੇ ਮਨਜੀਤ ਕੌਰ ਮੋਹਨਪੁਰ ਸਮੇਤ ਕਿਸਾਨ-ਮਜ਼ਦੂਰ ਹਾਜ਼ਰ ਸਨ।
ਲੋਕਾਂ ’ਚ ਐੱਸ ਐੱਚ ਓ ਪ੍ਰਤੀ ਭਾਰੀ ਰੋਸ ਦਿਸਿਆ
ਐੱਸ ਐੱਚ ਓ ਦੀ ਆਮ ਲੋਕਾਂ ਨਾਲ ਕਥਿਤ ਮਾੜੀ ਸ਼ਬਦਾਵਲੀ ਅਤੇ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਖ਼ਿਲਾਫ਼ ਕਿਸਾਨਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਮੌਕੇ ਦਿਆਲ ਸਿੰਘ ਮੀਆਂਵਿੰਡ ਨੇ ਐੱਸ ਐੱਸ ਪੀ ਸੁਰਿੰਦਰ ਲਾਂਬਾ ਨੂੰ ਗੋਇੰਦਵਾਲ ਸਾਹਿਬ ਦੀ ਐੱਸ ਐੱਚ ਓ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਪਿਛਲੇ ਚਾਰ ਮਹੀਨਿਆਂ ਤੋਂ ਤਾਇਨਾਤ ਐੱਸ ਐੱਚ ਓ ਨਸ਼ਿਆਂ ’ਤੇ ਕਾਬੂ ਪਾਉਣ ’ਚ ਨਾਕਾਮ ਸਾਬਿਤ ਹੋਈ ਹੈ, ਉੱਥੇ ਹੀ ਥਾਣੇ ਵਿੱਚ ਇਨਸਾਫ਼ ਲੈਣ ਲਈ ਆਏ ਲੋਕਾਂ ਨਾਲ ਕਥਿਤ ਤੌਰ ’ਤੇ ਮਾੜੀ ਸ਼ਬਦਾਂਵਲੀ ਦੀ ਵਰਤੋਂ ਕਰਦੀ ਹੈ। ਧਰਨੇ ਦੌਰਾਨ ਕਿਸਾਨ ਮਜ਼ਦੂਰ ਆਗੂ ਐੱਸ ਐੱਚ ਓ ਨੂੰ ਧਰਨੇ ਵਿੱਚ ਬੁਲਾਉਣ ਲਈ ਬਜ਼ਿੱਦ ਦਿਖਾਈ ਦਿੱਤੇ, ਜਿਸ ਕਾਰਨ ਡੀ ਐੱਸ ਪੀ ਦੇ ਭਰੋਸਾ ਦੇਣ ਤੋਂ ਬਾਅਦ ਵੀ ਧਰਨਾ ਜਾਰੀ ਸੀ। ਸੂਤਰਾਂ ਅਨੁਸਾਰ ਐੱਸ ਐੱਚ ਓ ਨੇ ਧਰਨਾ ਸਥਾਨ ’ਤੇ ਆਉਣ ਤੋਂ ਕੋਰੀ ਨਾਂਹ ਆਖੀ ਹੈ।

