ਅੰਮ੍ਰਿਤਸਰ ਤੋਂ ਲਾਪਤਾ ਕੁੜੀਆਂ ਨਰਵਾਣਾ ਤੋਂ ਮਿਲੀਆਂ
ਰੇਲ ਰਾਹੀਂ ਦਿੱਲੀ ਜਾ ਰਹੀਆਂ ਸਨ ਵਿਦਿਆਰਥਣਾਂ; ਮਾਪਿਆਂ ਨੂੰ ਸੌਂਪੀਆਂ
ਗਿਆਰ੍ਹਵੀਂ ਦੀਆਂ ਲਾਪਤਾ ਦੋ ਕੁੜੀਆਂ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਹਰਿਆਣਾ ਦੇ ਨਰਵਾਣਾ ਰੇਲ ਸਟੇਸ਼ਨ ਤੋਂ ਬਰਾਮਦ ਕੀਤਾ ਹੈ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ।
ਇਸ ਸਬੰਧੀ ਏ ਸੀ ਪੀ ਈਸਟ ਅਨੁਭਵ ਜੈਨ ਨੇ ਦੱਸਿਆ ਕਿ ਬੀ ਡਿਵੀਜ਼ਨ ਵਿੱਚ ਪੁਲੀਸ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਦੋ ਨਾਬਾਲਗ ਕੁੜੀਆਂ ਘਰੋਂ ਲਾਪਤਾ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਕੁੜੀਆਂ 11ਵੀਂ ਜਮਾਤ ਦੀਆਂ ਹਨ। ਪੁਲੀਸ ਨੇ ਇਹ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਦੀ ਜਾਂਚ ਸ਼ੁਰੂ ਕੀਤੀ।
ਇਸ ਮਾਮਲੇ ਵਿੱਚ ਤਕਨੀਕੀ ਅਤੇ ਮਨੁੱਖੀ ਇੰਟੈਲੀਜੈਂਸ ’ਤੇ ਅਧਾਰਤ ਕਾਰਵਾਈ ਕਰਦਿਆਂ ਪਤਾ ਲਾਇਆ ਕਿ ਇਹ ਕੁੜੀਆਂ ਅੰਮ੍ਰਿਤਸਰ ਤੋਂ ਦਿੱਲੀ ਵੱਲ ਜਾ ਰਹੀਆਂ ਹਨ। ਇਸ ਤੋਂ ਬਾਅਦ ਇਸ ਮਾਮਲੇ ਵਿੱਚ ਆਰ ਪੀ ਐੱਫ ਅਤੇ ਸਥਾਨਕ ਰੇਲਵੇ ਪੁਲੀਸ ਨਾਲ ਸੰਪਰਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕੁੜੀਆਂ ਨੂੰ ਹਰਿਆਣਾ ਦੇ ਨਰਵਾਣਾ ਰੇਲਵੇ ਸਟੇਸ਼ਨ ’ਤੇ ਰੋਕਿਆ ਗਿਆ ਅਤੇ ਪੁਲੀਸ ਨੇ ਇਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦੌਰਾਨ ਅੰਮ੍ਰਿਤਸਰ ਪੁਲੀਸ ਦੀ ਟੀਮ ਨੇ ਇਨ੍ਹਾਂ ਨੂੰ ਨਰਵਾਣਾ ਤੋਂ ਵਾਪਸ ਲਿਆਂਦਾ ਹੈ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਸੌਂਪ ਦਿੱਤਾ ਗਿਆ ਹੈ।
ਥਾਣਾ ਬੀ ਡਿਵੀਜ਼ਨ ਦੇ ਇੰਸਪੈਕਟਰ ਬਲਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਇਹ ਦੋਵੇਂ ਕੁੜੀਆਂ ਸਕੂਲ ਪੜ੍ਹਨ ਵਾਸਤੇ ਆਈਆਂ ਸਨ ਅਤੇ ਉੱਥੋਂ ਇਨ੍ਹਾਂ ਨੇ ਦਿੱਲੀ ਜਾਣ ਦੀ ਸਲਾਹ ਬਣਾ ਲਈ। ਦੋਵਾਂ ਨੇ ਦਿੱਲੀ ਜਾਣ ਵਾਸਤੇ ਰੇਲ ਟਿਕਟ ਖਰੀਦੀ ਅਤੇ ਰੇਲ ’ਚ ਬੈਠ ਕੇ ਚਲੀਆਂ ਗਈਆਂ। ਉਨ੍ਹਾਂ ਦੱਸਿਆ ਕਿ ਘਰੋਂ ਬਗੈਰ ਦੱਸੇ ਜਾਣ ਦਾ ਕਾਰਨ ਸਕੂਲ ਵਿੱਚ ਪੜ੍ਹਾਈ ਪੱਖੋਂ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ।

