ਗੈਂਗਸਟਰ ਤਿੰਨ ਸਾਥੀਆਂ ਸਣੇ ਕਾਬੂ
ਕੇ ਪੀ ਸਿੰਘ
ਗੁਰਦਾਸਪੁਰ, 18 ਜੂਨ
ਇੱਥੋਂ ਦੀ ਪੁਲੀਸ ਨੇ ਅੰਮ੍ਰਿਤਸਰ ਦੇ ਇੱਕ ‘ਏ’ ਕੈਟਾਗਿਰੀ ਗੈਂਗਸਟਰ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲ ਅਤੇ ਸੱਤ ਕਾਰਤੂਸ ਵੀ ਬਰਾਮਦ ਕੀਤੇ ਹਨ। ਇਹ ਸਾਰੇ ਮੁਲਜ਼ਮ ਇੱਕ ਕਾਰ ਵਿੱਚ ਅੰਮ੍ਰਿਤਸਰ ਤੋਂ ਗੁਰਦਾਸਪੁਰ ਆ ਰਹੇ ਸਨ, ਜਿਨ੍ਹਾਂ ਨੂੰ ਗੁਰਦਾਸਪੁਰ ਦੇ ਬੱਬਰੀ ਹਾਈ-ਟੈੱਕ ਨਾਕੇ ’ਤੇ ਫੜ ਲਿਆ ਗਿਆ। ਮੁਲਜ਼ਮਾਂ ਵਿੱਚ ਗੁਰ ਜਸ਼ਨਪ੍ਰੀਤ ਸਿੰਘ ਉਰਫ਼ ਚੀਨੀ, ਰਾਜਬੀਰ ਸਿੰਘ, ਗੁਰਵੰਤ ਸਿੰਘ ਅਤੇ ਗੁਰਸੇਵਕ ਸਿੰਘ ਸਾਰੇ ਵਾਸੀਅਨ ਅੰਮ੍ਰਿਤਸਰ ਸ਼ਾਮਲ ਹਨ।
ਐੱਸਐੱਸਪੀ ਨੇ ਦੱਸਿਆ ਕਿ ਕਾਬੂ ਕੀਤਾ ਗਿਆ ਗੁਰਜਸ਼ਨਪ੍ਰੀਤ ਸਿੰਘ ਉਰਫ਼ ਚੀਨੀ ‘ਏ’ ਗਰੇਡ ਗੈਂਗਸਟਰ ਹੈ ਜਿਸ ਵਿਰੁੱਧ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕਤਲ, ਗੈਰ-ਇਰਾਦਤਨ ਕਤਲ, ਡਕੈਤੀ, ਐੱਨਡੀਪੀਐੱਸ ਐਕਟ ਅਤੇ ਅਸਲਾ ਐਕਟ ਸਮੇਤ 25 ਮਾਮਲੇ ਦਰਜ ਹਨ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਜਾਂਚ ਕੀਤੀ ਜਾਵੇਗੀ ਕਿ ਇਹ ਲੋਕ ਗੁਰਦਾਸਪੁਰ ਕਿਉਂ ਆ ਰਹੇ ਸਨ? ਗੁਰਜਸ਼ਨਪ੍ਰੀਤ ਜੇਲ੍ਹ ਤੋਂ ਪੈਰੋਲ ’ਤੇ ਬਾਹਰ ਹੈ। ਇਸ ਤੋਂ ਇਲਾਵਾ, ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਉਸ ਦੇ ਹੋਰ ਸਾਥੀਆਂ ਵਿਰੁੱਧ ਕੋਈ ਮਾਮਲਾ ਦਰਜ ਹੈ ਜਾਂ ਨਹੀਂ ਅਤੇ ਉਹ ਕਿਹੜਾ ਅਪਰਾਧ ਕਰਨ ਜਾ ਰਹੇ ਸਨ।