ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਘੁਮਾਣ/ਬਟਾਲਾ, 12 ਅਗਸਤ
ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਪਿੰਡ ਘੁਮਾਣ ਤੇ ਕੋਟਲੀ ਲੇਹਲ ਵਿੱਚ ਵਣ ਮਹਾਉਤਸਵ ਮਨਾਇਆ ਗਿਆ। ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਨੂੰ ਮੁਫ਼ਤ ਪੌਦੇ ਵੰਡੇ ਗਏ। ਇਸ ਮੌਕੇ ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਲਾਲ ਚੰਦ ਨੇ ਕਿਹਾ ਕਿ ਹਰਿਆਵਲ ਲਹਿਰ ਤਹਿਤ ਹਰ ਵਿਧਾਨ ਸਭਾ ਹਲਕੇ ਵਿੱਚ 50 ਹਜ਼ਾਰ ਪੌਦੇ ਅਤੇ 115 ਤ੍ਰਿਵੈਣੀਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ, ਜਿਸ ਲਈ ਵਿਭਾਗ, ਪੰਚਾਇਤਾਂ ਤੇ ਵੱਖ-ਵੱਖ ਸੰਗਠਨ ਜੰਗਲਾਤ ਵਿਭਾਗ ਦੀਆਂ ਨਰਸਰੀਆਂ ਨਾਲ ਸੰਪਰਕ ਕਾਇਮ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅਵਾਮ ਦੇ ਸਹਿਯੋਗ ਨਾਲ ਹਰਿਆਲ ਲਹਿਰ ਨੂੰ ਪੂਰੀ ਤਰ੍ਹਾਂ ਕਾਮਯਾਬ ਕਰੇਗੀ ਜਿਸ ਨਾਲ ਵਾਤਾਵਰਨ ਵਿੱਚ ਵੱਡੇ ਸੁਧਾਰ ਦੇਖਣ ਨੂੰ ਮਿਲਣਗੇ। ਇਸ ਮੌਕੇ ਸ੍ਰੀ ਕਟਾਰੂਚੱਕ ਨੇ ਘੁਮਾਣ ਦੇ ਬਾਬਾ ਨਾਮਦੇਵ ਸਕੂਲ ਵਿੱਚ ਤ੍ਰਿਵੈਣੀ ਵੀ ਲਗਾਈ।
ਸ੍ਰੀ ਨਾਮਦੇਵ ਨਗਰ ਘੁਮਾਣ ਦੇ ਵਿਕਾਸ ਸਬੰਧੀ ਗੱਲ ਕਰਦਿਆਂ ਕੈਬਨਿਟ ਮੰਤਰੀ ਕਟਾਰੂ ਚੱਕ ਨੇ ਕਿਹਾ ਕਿ ਇਤਿਹਾਸਕ ਕਸਬਾ ਘੁਮਾਣ ਦੇ ਵਿਕਾਸ ਕਾਰਜਾਂ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਨੂੰ ਵਿਕਾਸ ਪੱਖੋਂ ਸੁੰਦਰ ਅਤੇ ਵਿਕਸਿਤ ਬਣਾਇਆ ਜਾਵੇਗਾ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਅਤੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਬਾਵਾ, ਸਕੱਤਰ ਸੁਖਜਿੰਦਰ ਸਿੰਘ ਲਾਡੀ, ਮੀਤ ਪ੍ਰਧਾਨ ਅਤੇ ਸਰਪੰਚ ਘੁਮਾਣ ਨਰਿੰਦਰ ਸਿੰਘ ਨਿੰਦੀ, ਮੈਨੇਜਰ ਤਰਲੋਚਨ ਸਿੰਘ ਧਾਮੀ ਆਦਿ ਹਾਜ਼ਰ ਸਨ।