ਭੋਆ ਵਿਧਾਨ ਸਭਾ ਹਲਕੇ ਦੇ ਪਿੰਡ ਲਾਹੜੀ ਮਹੰਤਾਂ ਵਿੱਚ ਮੀਂਹ ਦੌਰਾਨ ਗਰੀਬ ਮਜ਼ਦੂਰ ਦਾ ਘਰ ਚੋਣ ਲੱਗਾ ਤਾਂ ਵਾਇਰਲ ਵੀਡੀਓ ਮਗਰੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮਜ਼ਦੂਰ ਦੇ ਘਰ ਗਏ ਅਤੇ ਭਰੋਸਾ ਦਿੱਤਾ ਕਿ ਇੱਕ ਹਫਤੇ ਵਿੱਚ ਉਸ ਦਾ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ। ਇੱਕ ਮਹੀਨਾ ਬੀਤਣ ਮਗਰੋਂ ਵੀ ਜਦ ਕੰਮ ਸ਼ੁਰੂ ਨਾ ਹੋਇਆ ਤਾਂ ਪਰਿਵਾਰ ਹਲਕੇ ਦੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਕੋਲ ਪੁੱਜਾ।
ਜੋਗਿੰਦਰ ਪਾਲ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਤੁਰੰਤ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ। ਇਸ ਮਕਾਨ ਦੇ ਨੇੜੇ ਹੀ ਇੱਕ ਹੋਰ ਵੀ ਗਰੀਬ ਪਰਿਵਾਰ ਦੇ ਮਕਾਨ ਦੀ ਹਾਲਤ ਇਸ ਤੋਂ ਵੀ ਮਾੜੀ ਸੀ, ਉਸ ਦਾ ਵੀ ਕੰਮ ਸਾਬਕਾ ਵਿਧਾਇਕ ਨੇ ਸ਼ੁਰੂ ਕਰਵਾਇਆ ਅਤੇ ਲੈਂਟਰ ਪਵਾ ਦਿੱਤਾ। ਸਾਬਕਾ ਵਿਧਾਇਕ ਜੋਗਿੰਦਰ ਪਾਲ ਜਦੋਂ ਮਕਾਨਾਂ ਦੇ ਕੰਮ ਦਾ ਜਾਇਜ਼ਾ ਲੈਣ ਲਈ ਪੁੱਜੇ ਤਾਂ ਦੋਵਾਂ ਪਰਿਵਾਰਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
ਦੋਵੇਂ ਮਜ਼ਦੂਰਾਂ ਹਰਕੇਸ਼ ਕੁਮਾਰ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਉਹ ਦਿਹਾੜੀਆਂ ਲਾ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ ਅਤੇ ਮਹਿੰਗਾਈ ਦੇ ਇਸ ਦੌਰ ਵਿੱਚ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨਾ ਉਨ੍ਹਾਂ ਲਈ ਮੁਸ਼ਕਲ ਕੰਮ ਹੈ ਤੇ ਅਜਿਹੇ ਵਿੱਚ ਜ਼ਰਜ਼ਰ ਮਕਾਨ ਦੀ ਮੁਰੰਮਤ ਜਾਂ ਨਵੀਂ ਛੱਤ ਪਵਾਉਣਾ ਉਨ੍ਹਾਂ ਲਈ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਸੀ। ਉਨ੍ਹਾਂ ਲਈ ਇਹ ਮਦਦ ਕਿਸੇ ਵੀ ਵੱਡੀ ਸੌਗਾਤ ਤੋਂ ਘੱਟ ਨਹੀਂ। ਜਦੋਂ ਬਰਸਾਤ ਦੌਰਾਨ ਛੱਤ ਟਪਕਦੀ ਸੀ ਤਾਂ ਉਨ੍ਹਾਂ ਨੂੰ ਹਰ ਪਲ ਆਪਣੇ ਪਰਿਵਾਰ ਦੀ ਸੁਰੱਖਿਆ ਦੀ ਚਿੰਤਾ ਰਹਿੰਦੀ ਸੀ ਪਰ ਹੁਣ ਉਸ ਸੁਰੱਖਿਅਤ ਹੋ ਗਏ ਹਨ।

