DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜੱਗੂ ਭਗਵਾਨਪੁਰੀਆ ਗਰੋਹ ਦੇ ਪੰਜ ਮੈਂਬਰ ਕਾਬੂ

ਮੁਲਜ਼ਮਾਂ ਕੋਲੋਂ ਦੋ ਪਿਸਤੌਲਾਂ, ਦੋ ਕਿਰਪਾਨਾਂ, ਦਾਤਰ, ਕਾਰ ਅਤੇ ਮੋਟਰਸਾਈਕਲ ਬਰਾਮਦ

  • fb
  • twitter
  • whatsapp
  • whatsapp
featured-img featured-img
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਹੋਰ ਪੁਲੀਸ ਅਧਿਕਾਰੀ ਵਾਰਦਾਤ ਵਾਲੀ ਥਾਂ ਦੀ ਜਾਂਚ ਕਰਦੇ ਹੋਏ। -ਫੋਟੋ: ਵਿਸ਼ਾਲ ਕੁਮਾਰ
Advertisement

ਪੁਲੀਸ ਨੇ ਜੱਗੂ ਭਗਵਾਨਪੁਰੀਆ ਗਰੋਹ ਨਾਲ ਸਬੰਧਤ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿੱਚੋਂ ਦੋ ਨੂੰ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ’ਚੋਂ ਇੱਕ ਪੁਲੀਸ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਪੁਲੀਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲ, ਦੋ ਕਿਰਪਾਨਾਂ, ਦਾਤਰ, ਕਾਰ ਅਤੇ ਬਿਨਾਂ ਨੰਬਰ ਮੋਟਰਸਾਈਕਲ ਬਰਾਮਦ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਸ਼ਨਾਖਤ ਆਦਿੱਤਿਆ ਰਾਜ ਉਰਫ਼ ਆਦਿੱਤਿਆ ਵਾਸੀ ਨਲੰਦਾ ਬਿਹਾਰ, ਕੁਲਵਿੰਦਰ ਸਿੰਘ ਉਰਫ਼ ਬਿੱਲਾ, ਵਿਕਰਮ ਸਿੰਘ ਉਰਫ਼ ਮਾਮਨ ਤੇ ਮਨਪ੍ਰੀਤ ਸਿੰਘ ਤਿੰਨੋਂ ਵਾਸੀ ਗੁਰਦਾਸਪੁਰ ਅਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ। ਇਹ ਸਾਰੇ ਹੀ 18 ਤੋਂ 25 ਸਾਲ ਉਮਰ ਵਰਗ ਦੇ ਹਨ ਅਤੇ ਬੇਰੁਜ਼ਗਾਰ ਹਨ। ਆਦਿੱਤਿਆ ਨੇ ਇਲੈਕਟ੍ਰਾਨਿਕ ਇੰਜਨੀਅਰਿੰਗ ਕੀਤੀ ਹੋਈ ਹੈ ਜਦਕਿ ਬਾਕੀ ਸਾਰੇ ਬਾਰ੍ਹਵੀਂ ਤੱਕ ਪੜ੍ਹੇ ਹਨ।

ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਮਗਰੋਂ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੇ ਜੱਗੂ ਭਗਵਾਨਪੁਰੀਆ ਗਰੋਹ ਦੇ ਮੈਂਬਰ ਹਨ ਅਤੇ ਇਨ੍ਹਾਂ ਨੂੰ ਵਿਦੇਸ਼ ਬੈਠੇ ਗੈਂਗਸਟਰ ਅੰਮ੍ਰਿਤ ਦਾਲਮ ਅਤੇ ਕੇਸ਼ਵ ਸ਼ਿਵਾਲਾ ਵੱਲੋਂ ਦਿਸ਼ਾ-ਨਿਰਦੇਸ਼ ਦਿੱਤੇ ਜਾ ਰਹੇ ਸਨ। ਇਹ ਸਾਰੇ ਮੁਲਜ਼ਮ ਟਾਰਗੇਟ ਕਿਲਿੰਗ ਅਤੇ ਫਿਰੌਤੀ ਮਾਮਲਿਆਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਇਨ੍ਹਾਂ ਦੇ ਗਰੋਹ ਬਾਰੇ ਖੁਫੀਆ ਸੂਚਨਾ ਮਿਲੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ ਜਦੋਂਕਿ ਦੋ ਬਚ ਕੇ ਭੱਜ ਗਏ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਅੱਜ ਦੋਵਾਂ ਦੇ ਮੀਰਾਂਕੋਟ ਇਲਾਕੇ ਵਿੱਚ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲੀਸ ਨੇ ਕਾਰਵਾਈ ਸ਼ੁਰੂ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਟੀਮ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ ਉਰਫ ਬਿੱਲਾ ਮੋਟਰਸਾਈਕਲ ਚਲਾ ਰਿਹਾ ਸੀ ਜਦਕਿ ਆਦਿੱਤਿਆ ਰਾਜ ਪਿੱਛੇ ਬੈਠਾ ਹੋਇਆ ਸੀ। ਭੱਜਣ ਦੌਰਾਨ ਜਦੋਂ ਪੁਲੀਸ ਨੇ ਪਿੱਛਾ ਕੀਤਾ ਤਾਂ ਆਦਿੱਤਿਆ ਰਾਜ ਨੇ ਪੁਲੀਸ ਤੇ ਦੋ ਵਾਰ ਗੋਲੀ ਚਲਾਈ, ਜਿਸ ਵਿੱਚੋਂ ਇੱਕ ਗੋਲੀ ਪੁਲੀਸ ਵਾਹਨ ਦੇ ਬੰਪਰ ਵਿੱਚ ਵੀ ਲੱਗੀ।

Advertisement

ਉਨ੍ਹਾਂ ਦੱਸਿਆ ਕਿ ਐੱਸ ਆਈ ਜਤਿੰਦਰ ਸਿੰਘ ਵੱਲੋਂ ਰੁਕਣ ਦੀ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਜਦੋਂ ਮੁੜ ਮੁਲਜ਼ਮ ਨੇ ਗੋਲੀ ਚਲਾਈ ਤਾਂ ਉਸ ਨੇ ਸਵੈ-ਰੱਖਿਆ ਵਜੋਂ ਗੋਲੀ ਚਲਾਈ ਜੋ ਮੁਲਜ਼ਮ ਦੀ ਲੱਤ ਵਿੱਚ ਲੱਗੀ ਅਤੇ ਉਹ ਜ਼ਖਮੀ ਹੋ ਕੇ ਡਿੱਗ ਪਿਆ ਜਿਸਨੂੰ ਪੁਲੀਸ ਨੇ ਕਾਬੂ ਕਰ ਲਿਆ। ਪੁਲੀਸ ਨੂੰ ਦੋਵਾਂ ਕੋਲੋਂ ਇੱਕ-ਇੱਕ ਪਿਸਤੌਲ ਬਰਾਮਦ ਹੋਇਆ ਹੈ ਜਿਨ੍ਹਾਂ ਵਿੱਚ ਤੁਰਕੀ ਦਾ ਬਣਿਆ 9 ਐੱਮ ਐੱਮ ਅਤੇ ਦੂਜਾ ਪੁਆਇੰਟ 32 ਬੋਰ ਦਾ ਪਿਸਤੌਲ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਮੁਲਜ਼ਮ ਨੂੰ ਇਲਾਜ ਵਾਸਤੇ ਹਸਪਤਾਲ ਭੇਜਿਆ ਗਿਆ ਹੈ।

Advertisement

ਉਨ੍ਹਾਂ ਦੱਸਿਆ ਕਿ ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਜਦੋਂ ਬਾਹਰਲੇ ਸੂਬੇ ਦੇ ਵਿਅਕਤੀ ਨੂੰ ਇਸ ਗਰੋਹ ਵੱਲੋਂ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਹੈ ਤਾਂ ਜੋ ਇਸ ਦੀ ਸ਼ਨਾਖਤ ਬਾਰੇ ਪਤਾ ਨਾ ਲੱਗ ਸਕੇ।

Advertisement
×