ਤਰਨ ਤਾਰਨ: ਇੱਥੇ ਤਿੰਨ ਵੱਖ-ਵੱਖ ਥਾਵਾਂ ‘ਤੇ ਪਾਕਿਸਤਾਨ ਵਾਲੇ ਪਾਸਿਓਂ ਬੀਤੀ ਰਾਤ ਹੈਰੋਇਨ ਦੇ ਪੈਕੇਟ ਸੁੱਟੇ ਗਏ ਜਿਹੜੇ ਸਰਹੱਦੀ ਪੱਟੀ ‘ਤੇ ਗਸ਼ਤ ਕਰਦੇ ਹੋਏ ਬੀਐਸਐਫ ਦੇ ਜਵਾਨਾਂ ਨੇ ਕਬਜ਼ੇ ਵਿੱਚ ਲੈ ਲਏ| ਇਨ੍ਹਾਂ ਪੈਕੇਟਾਂ ਵਿੱਚੋਂ ਬਰਾਮਦ ਕੀਤੀ ਹੈਰੋਇਨ ਦਾ ਕੁੱਲ ਵਜ਼ਨ 5.092 ਕਿਲੋ ਬਣਦਾ ਹੈ। ਇਸ ਦੀ ਕੌਮਾਂਤਰੀ ਮੰਡੀ ਵਿਚ ਕੀਮਤ 25.46 ਕਰੋੜ ਰੁਪਏ ਬਣਦੀ ਹੈ| ਐੱਸਐੱਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਖਾਲੜਾ ਇਲਾਕੇ ਵਿੱਚੋਂ 2.560 ਕਿਲੋ, ਸਰਾਏ ਅਮਾਨਤ ਖਾਂ ਵਿੱਚੋਂ ਦੋ ਕਿਲੋ ਅਤੇ ਖੇਮਕਰਨ ਇਲਾਕੇ ਤੋਂ 532 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਐਸਐਸਪੀ ਨੇ ਦੱਸਿਆ ਕਿ ਇਹ ਨਸ਼ੀਲਾ ਪਦਾਰਥ ਇੱਧਰ ਵਾਲੇ ਤਸਕਰਾਂ ਵੱਲੋਂ ਪਾਕਿਸਤਾਨ ਦੇ ਤਸਕਰਾਂ ਤੋਂ ਮੰਗਵਾਇਆ ਗਿਆ ਸੀ, ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ| ਇਨ੍ਹਾਂ ਮਾਮਲਿਆਂ ‘ਚ ਸਬੰਧਤ ਥਾਣਿਆਂ ਦੀ ਪੁਲੀਸ ਨੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕੀਤੇ ਹਨ| -ਪੱਤਰ ਪ੍ਰੇਰਕ