ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਸਤੰਬਰ
ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤਾ ਹੋਇਆ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਮਾਮਲੇ ਵਿੱਚ ਥਾਣਾ ਬੀ-ਡਿਵੀਜ਼ਨ ਦੀ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਸ਼ੋਕਤ ਅਤੇ ਆਰੀਅਨ ਵਜੋਂ ਹੋਈ ਹੈ। ਇਹ ਦੋਵੇਂ ਹੀ ਪਿੰਡ ਘਰਿਆਲਾ ਜ਼ਿਲ੍ਹਾ ਤਰਨਤਾਰਨ ਦੇ ਵਾਸੀ ਹਨ। ਪੁਲੀਸ ਨੇ ਇਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਚੌਕ ਚਬੂਤਰਾ ਵਿਖੇ ਚੈਕਿੰਗ ਦੌਰਾਨ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਚੋਰੀ ਕੀਤਾ ਹੋਇਆ ਇੱਕ ਮੋਟਰਸਾਇਕਲ ਬਰਾਮਦ ਹੋਇਆ ਹੈ। ਇਸੇ ਤਰ੍ਹਾਂ ਥਾਣਾ ਕੰਨਟੋਨਮੈਂਟ ਦੀ ਪੁਲੀਸ ਨੇ ਮੰਗਲ ਸਿੰਘ ਨਾਂ ਦੇ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ ਚੋਰੀ ਦਾ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਫਗਵਾੜਾ (ਪੱਤਰ ਪ੍ਰੇਰਕ): ਸਤਨਾਮਪੁਰਾ ਪੁਲੀਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਚੋਰੀ ਦੇ ਦੋ ਸਕੂਟਰ ਤੇ ਇੱਕ ਮੋਟਰਸਾਈਕਲ ਬਰਾਮਦ ਕਰਕੇ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਐਸ.ਐਚ.ਓ ਸਤਨਾਮਪੁਰਾ ਸੁਰਜੀਤ ਸਿੰਘ ਪੱਡਾ ਨੇ ਦੱਸਿਆ ਕਿ ਥਾਣੇਦਾਰ ਚਰਨਜੀਤ ਸਿੰਘ ਦੀ ਅਗਵਾਈ ’ਚ ਪੁਲੀਸ ਨੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਐਕਟਿਵਾ ’ਤੇ ਆ ਰਹੇ ਦੋ ਨੌਜਵਾਨਾਂ ਨੂੰ ਜਦੋਂ ਰੋਕਿਆ ਤਾਂ ਇਹ ਭੱਜ ਪਏ ਜਿਨ੍ਹਾਂ ਨੂੰ ਪੁਲੀਸ ਨੇ ਕਾਬੂ ਕਰਕੇ ਸਕੂਟਰ ਦੇ ਕਾਗਜ਼ਾਤ ਦੀ ਚੈਕਿੰਗ ਕੀਤੀ ਤੇ ਪੁੱਛ-ਗਿੱਛ ਦੌਰਾਨ ਇਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਇਸ ਐਕਟਿਵਾ ਨੂੰ ਚੋਰੀ ਕੀਤਾ ਹੈ। ਇਸ ਦੌਰਾਨ ਮੁਲਜ਼ਮਾਂ ਕੋਲੋਂ ਇਕ ਮੋਟਰਸਾਈਕਲ ਤੇ ਇੱਕ ਹੋਰ ਐਕਟਿਵਾ ਸਕੂਟਰ ਬਰਾਮਦ ਕੀਤਾ ਗਿਆ। ਪੁਲੀਸ ਅਨੁਸਾਰ ਰੋਹਿਤ ਵਾਸੀ ਭੂਰ ਮੰਡੀ ਥਾਣਾ ਕੈਂਟ ਜਲੰਧਰ ਤੇ ਸਾਹਿਲ ਵਾਸੀ ਮੁਹੱਲਾ ਤੁਲਸੀ ਨਗਰ ਰਾਮਾ ਮੰਡੀ ਜਲੰਧਰ ਨੂੰ ਕਾਬੂ ਖ਼ਿਲਾਫ਼ ਕਾਰਵਾਈ ਜਾਰੀ ਹੈ।
ਚੋਰੀ ਦੇ ਦੋਸ਼ ਹੇਠ ਦੋ ਜਣਿਆਂ ਖ਼ਿਲਾਫ਼ ਕੇਸ ਦਰਜ
ਤਰਨ ਤਾਰਨ (ਪੱਤਰ ਪ੍ਰੇਰਕ): ਪਿੰਡ ਦੋਬੁਰਜੀ ਦੇ ਵਾਸੀ ਸੁਖਬੀਰ ਸਿੰਘ ਨੇ ਆਪਣੀ ਪਤਨੀ ਅਤੇ ਸਹੁਰਾ ਖਿਲਾਫ਼ ਚੋਰੀ ਦਾ ਕੇਸ ਦਰਜ ਕਰਵਾਇਆ ਹੈ। ਸੁਖਬੀਰ ਸਿੰਘ ਰੋਟੀ-ਰੋਜ਼ੀ ਲਈ ਚਾਰ ਸਾਲਾਂ ਤੋਂ ਦੋਹਾਕਤਰ ਗਿਆ ਹੋਇਆ ਹੋਣ ਕਰਕੇ ਉਸ ਦੇ ਘਰ ਵਿੱਚ ਉਸ ਦੇ ਬਿਰਧ ਮਾਤਾ ਪਿਤਾ ਤੋਂ ਇਲਾਵਾ ਉਸ ਦੀ ਪਤਨੀ ਰਹਿੰਦੇ ਸਨ| ਉਸ ਨੇ ਕਿਹਾ ਕਿ ਪਿਛਲੇ ਸਾਲ 14 ਜੁਲਾਈ ਨੂੰ ਉਸ ਸਹੁਰਾ ਸਵਰਨ ਸਿੰਘ ਅਤੇ ਉਸ ਦੀ ਸਾਲੀ ਪ੍ਰਭਸਿਮਰਨ ਕੌਰ ਉਸ ਦੀ ਪਤਨੀ ਨੂੰ ਸਾਉਣ ਦਾ ਮਹੀਨਾ ਹੋਣ ਕਰਕੇ ਲੈਣ ਆਏ ਅਤੇ ਉਸ ਦੀ ਪਤਨੀ ਕਮਰੇ ਦੀ ਅਲਮਾਰੀ ਦੀਆਂ ਚਾਬੀਆਂ ਆਦਿ ਆਪਣੇ ਨਾਲ ਲੈ ਗਈ| ਇਸੇ ਦੌਰਾਨ ਉਸ ਦੀ ਪਤਨੀ ਨੇ ਉਸ ਖਿਲਾਫ਼ ਮਹਿਲਾ ਮੰਡਲ ਅੰਮ੍ਰਿਤਸਰ ਨੂੰ ਸ਼ਿਕਾਇਤ ਦਿੱਤੀ ਜਿਸ ਦੀ ਜਾਂਚ ਦੌਰਾਨ ਮੋਹਤਬਰਾਂ ਦੀ ਹਾਜ਼ਰੀ ਵਿੱਚ ਉਸ ਦੇ ਘਰ ਦੀ ਅਲਮਾਰੀ ਦੇ ਤਾਲੇ ਤੋੜ ਕੇ ਦੇਖਿਆ ਤਾਂ ਉਸ ਦੀ ਪਤਨੀ ਤੇ ਸਹੁਰਾ ਅਲਮਾਰੀ ਵਿੱਚੋਂ ਸੋਨੇ ਦੇ ਗਹਿਣੇ, 50,000 ਰੁਪਏ ਅਤੇ ਦਸਤਾਵੇਜ਼ ਆਦਿ ਲੈ ਗਏ ਸਨ| ਇਸ ਸਬੰਧੀ ਸਿਟੀ ਪੁਲੀਸ ਤਰਨ ਤਾਰਨ ਨੇ ਸੁਖਬੀਰ ਸਿੰਘ ਦੀ ਪਤਨੀ ਮਨਿੰਦਰ ਕੌਰ ਅਤੇ ਉਸ ਸਹੁਰਾ ਸਵਰਨ ਸਿੰਘ ਵਾਸੀ ਈਸਟ ਮੋਹਨ ਨਗਰ ਅੰਮ੍ਰਿਤਸਰ ਖਿਲਾਫ਼ ਕੇਸ ਦਰਜ ਕਰ ਲਿਆ ਹੈ।