ਕੇ.ਪੀ ਸਿੰਘ
ਗੁਰਦਾਸਪੁਰ, 26 ਸਤੰਬਰ
ਦੀਨਾਨਗਰ ਦੀ ਇੱਕ ਕੋਠੀ ਵਿੱਚ ਪਟਾਕਿਆਂ ਦਾ ਭੰਡਾਰ ਬਰਾਮਦ ਕਰਨ ਤੋਂ ਬਾਅਦ ਬੀਤੀ ਸ਼ਾਮ ਸ਼ਹਿਰ ਦੇ ਪ੍ਰਮੁੱਖ ਵਪਾਰੀ ਹਨੀ ਟਰੇਡਿੰਗ ਕੰਪਨੀ ਦੀ ਦੁਕਾਨ ਦੇ ਨਾਲ ਲੱਗਦੇ ਗੁਦਾਮ ਵਿੱਚੋਂ ਸੀਆਈਏ ਸਟਾਫ਼ ਇੰਚਾਰਜ ਕਪਿਲ ਕੌਸ਼ਲ ਅਤੇ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਗੁਰਮੀਤ ਸਿੰਘ ਵੱਲੋਂ ਸਾਂਝੇ ਤੌਰ ’ਤੇ ਛਾਪਾ ਮਾਰ ਕੇ ਪਟਾਕਿਆਂ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ। ਲੱਖਾਂ ਦੀ ਕੀਮਤ ਦੇ ਪਟਾਕੇ ਮਾਈ ਦੇ ਤਲਾਬ ਮੰਦਰ ਦੇ ਸਾਹਮਣੇ ਸਥਿੱਤ ਦੁਕਾਨ ਦੇ ਨਜ਼ਦੀਕੀ ਗੁਦਾਮ ਵਿੱਚ ਸਟੋਰ ਕੀਤੇ ਗਏ ਸਨ। ਪੁਲੀਸ ਦੀ ਕਾਰਵਾਈ ਦੇਰ ਰਾਤ ਤੱਕ ਚੱਲਦੀ ਰਹੀ ਅਤੇ ਬਾਅਦ ਵਿੱਚ ਦੁਕਾਨ ਦੇ ਮਾਲਕ ਰਾਹੁਲ ਕੁਮਾਰ ਉਰਫ਼ ਹਨੀ ਪੁੱਤਰ ਨਰੇਸ਼ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ। ਐੱਸਐੱਚਓ ਥਾਣਾ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਇਹਨਾਂ ਪਟਾਕਿਆਂ ਦੀ ਸਹੀ ਕੀਮਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਫੜੇ ਗਏ ਪਟਾਕਿਆਂ ਦੀ ਕੀਮਤ ਲੱਖਾਂ ਵਿੱਚ ਹੈ । ਦੂਜੇ ਪਾਸੇ ਸੀਆਈਏ ਸਟਾਫ਼ ਇੰਚਾਰਜ ਕਪਿਲ ਕੌਂਸਲ ਨੇ ਕਿਹਾ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਸਟੋਰ ਕੀਤੇ ਪਟਾਕੇ ਖ਼ਤਰਨਾਕ ਸਾਬਤ ਹੋ ਸਕਦੇ ਹਨ । ਪੁਲਿਸ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ।