ਬਾਂਸਾਂ ਦੀਆਂ ਦੁਕਾਨਾਂ ’ਚ ਅੱਗ ਲੱਗੀ, ਇਕ ਮੌਤ
ਅੰਮ੍ਰਿਤਸਰ ਦੇ ਰਾਮਬਾਗ ਚੌਕ ਨੇੜੇ ਬਾਂਸ ਤੇ ਪੌੜੀਆਂ ਬਣਾਉਣ ਦੀਆਂ ਕਈ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਲੋਕਾਂ ਅਨੁਸਾਰ ਬਾਂਸ ਅਤੇ ਪੌੜੀਆਂ ਨੂੰ ਲੱਗੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਈ ਹੋਰ ਦੁਕਾਨਾਂ ਇਸ ਦੀ...
ਅੰਮ੍ਰਿਤਸਰ ਦੇ ਰਾਮਬਾਗ ਚੌਕ ਨੇੜੇ ਬਾਂਸ ਤੇ ਪੌੜੀਆਂ ਬਣਾਉਣ ਦੀਆਂ ਕਈ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਲੋਕਾਂ ਅਨੁਸਾਰ ਬਾਂਸ ਅਤੇ ਪੌੜੀਆਂ ਨੂੰ ਲੱਗੀ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਈ ਹੋਰ ਦੁਕਾਨਾਂ ਇਸ ਦੀ ਲਪੇਟ ਵਿੱਚ ਆ ਗਈਆਂ। ਨੇੜੇ ਹੀ ਟਾਇਰਾਂ ਅਤੇ ਸਾਈਕਲਾਂ ਦੀਆਂ ਦੁਕਾਨਾਂ ਸਨ, ਜੋ ਇਸ ਦੀ ਲਪੇਟ ਵਿੱਚ ਆ ਗਈਆਂ। ਲਗਪਗ 2 ਦਰਜਨ ਦੁਕਾਨਾਂ ਅੱਗ ਦੀ ਲਪੇਟ ਵਿੱਚ ਆਈਆਂ ਹਨ, ਜਿਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਹੈ। ਫਿਲਹਾਲ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ। ਅੱਗ ਲੱਗਣ ਦੀ ਖਬਰ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪੁੱਜੀਆਂ ਅਤੇ ਅੱਗ ਬੁਝਾਉਣ ’ਚ ਜੁਟ ਗਈਆਂ। ਲੋਕਾਂ ਨੇ ਦੱਸਿਆ ਕਿ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਦਾ ਸ਼ਿਕਾਰ ਹੋਇਆ ਵਿਅਕਤੀ, ਇੱਥੇ ਇੱਕ ਦੁਕਾਨ ’ਤੇ ਕੰਮ ਕਰਦਾ ਸੀ। ਅੰਗਹੀਣ ਹੋਣ ਕਾਰਨ ਉਹ ਤੇਜ਼ੀ ਨਾਲ ਅੱਗ ਦੇ ਘੇਰੇ ਤੋਂ ਬਾਹਰ ਨਹੀਂ ਆ ਸਕਿਆ। ਲੋਕਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਦੇਰ ਨਾਲ ਪੁੱਜਣ ਦਾ ਵੀ ਦੋਸ਼ ਲਾਇਆ। ਇਹ ਇਲਾਕਾ ਭੀੜ ਵਾਲਾ ਇਲਾਕਾ ਹੈ। ਇੱਥੇ ਨੇੜੇ ਹੀ ਕਰਿਆਨੇ ਦੀਆਂ ਵੱਡੀਆਂ ਦੁਕਾਨਾਂ ਵੀ ਹਨ। ਸਬਜ਼ੀ ਤੇ ਫਲ ਮੰਡੀ ਵੀ ਹੈ। ਨੇੜੇ ਹੀ ਆਲੇ ਦੁਆਲੇ ਵੱਡੀ ਰਿਹਾਇਸ਼ੀ ਆਬਾਦੀ ਵੀ ਹੈ। ਜ਼ਿਕਰਯੋਗ ਹੈ ਕਿ ਖਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਸੀ। ਦੂਜੇ ਪਾਸੇ ਕੇਂਦਰੀ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਵੀ ਆਪਣੇ ਸਮਰਥਕਾਂ ਸਮੇਤ ਪੁੱਜੇ ਅਤੇ ਅੱਗ ਬੁਝਾਉਣ ਦੀ ਕਾਰਵਾਈ ਨੂੰ ਹੋਰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

