ਮਨਮੋਹਨ ਸਿੰਘ ਢਿਲੋਂ
ਅੰਮ੍ਰਿਤਸਰ, 22 ਅਕਤੂਬਰ
ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਖਿਲਾਫ਼ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਸਾਂਝੇ ਸੰਘਰਸ਼ ਦੀ ਲੜੀ ’ਚ ਅੱਜ ‘ਮਾਲ ਆਫ ਅੰਮ੍ਰਿਤਸਰ’ ਬਾਹਰ ਲੱਗੇ ਧਰਨੇ ਦੇ ਛੇਵੇਂ ਦਿਨ ‘ਆਵਾਜ਼-ਏ-ਪੰਜਾਬ ਕਿਸਾਨ ਸਭਾ’ ਦੇ ਪ੍ਰਧਾਨ ਗੁਰਮੀਤ ਸਿੰਘ ਕਰਤਾਰਪੁਰ ਨੇ ਵੀ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਉਹ ਇਸ ਧਰਨੇ ਨੂੰ ਪੂਰਨ ਰੂਪ ਵਿਚ ਸਹਿਯੋਗ ਦੇਣਗੇ। ਧਰਨੇ ਦੀ ਅਗਵਾਈ ਕਰ ਰਹੇ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਧਰਨੇ ਨੂੰ ਹਰ ਵਰਗ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਦੇ ਰੋਸ ਪ੍ਰਦਰਸ਼ਨ ਵਿੱਚ ਕੁਲਬੀਰ ਸਿੰਘ ਸਾਬਕਾ ਸਰਪੰਚ ਬੋਦਲ, ਅਜੀਤ ਸਿੰਘ ਬਾਠ ਆਦਿ ਨੇ ਸ਼ਮੂਲੀਅਤ ਕੀਤੀ।
ਤਲਵਾੜਾ (ਦੀਪਕ ਠਾਕੁਰ): ਇੱਥੇ ਪੰਚਾਇਤ ਯੂਨੀਅਨ ਤਲਵਾੜਾ ਦੀ ਹੰਗਾਮੀ ਮੀਟਿੰਗ ਪ੍ਰਧਾਨ ਨਵਲ ਕਿਸ਼ੋਰ ਸਰਪੰਚ ਬੇੜਿੰਗ ਦੀ ਅਗਵਾਈ ਹੇਠ ਹੋਈ। ਸਥਾਨਕ ਬੀਡੀਪੀਓ ਕੰਪਲੈਕਸ ’ਚ ਪੰਚਾਇਤੀ ਨੁਮਾਇੰਦਿਆਂ ਦੀ ਹੋਈ ਮੀਟਿੰਗ ’ਚ ਵੱਡੀ ਗਿਣਤੀ ਸਰਪੰਚ ਸ਼ਾਮਲ ਹੋਏ। ਮੀਟਿੰਗ ’ਚ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਬਰਖ਼ਿਲਾਫ਼ ਕਿਸਾਨਾਂ ਵਿੱਚ ਪੈਦਾ ਹੋਏ ਅਸੰਤੋਸ਼ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਹਾਜ਼ਰ ਪੰਚਾਇਤ ਨੁਮਾਇੰਦਿਆਂ ਨੇ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ।
ਮਜੀਠਾ (ਲਖਨਪਾਲ ਸਿੰਘ): ਖੇਤੀ ਬਿੱਲਾਂ ਦੇ ਵਿਰੋਧ ’ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੰਘਰਸ਼ਸ਼ੀਲ ਜਥੇਬੰਦੀਆ ਦੇ ਸੱਦੇ ’ਤੇ ਕੱਥੂਨੰਗਲ ਟੌਲ ਪਲਾਜ਼ਾ ’ਤੇ ਧਰਨਾ ਅੱਜ 22ਵੇਂ ਦਿਨ ਵੀ ਜਾਰੀ ਰਿਹਾ। ਕਿਸਾਨ ਧਰਨਿਆਂ ਵਿਚ ਔਰਤਾਂ ਤੇ ਬੱਚਿਆਂ ਦੀ ਵਧ ਰਹੀ ਸ਼ਮੂਲੀਅਤ ਨਾਲ ਸੰਘਰਸ਼ ਨੂੰ ਹੋਰ ਹੰਭਲਾ ਮਿਲ ਰਿਹਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂ ਵਾਲ ਅਤੇ ਹੋਰ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਬਾਰੇ ਕੁਝ ਵੀ ਰਾਇ ਬਣ ਜਾਵੇ, ਕੇਂਦਰ ਸਰਕਾਰ ਖਿਲਾਫ ਘੋਲ਼ ਜਾਰੀ ਰਹੇਗਾ।
ਫਗਵਾੜਾ (ਜਸਬੀਰ ਸਿੰਘ ਚਾਨਾ): ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਬਣਾਏ ਗਏ ਅਨੇਕਾਂ ਕਾਨੂੰਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਲੋਕ ਭਲਾਈ ਅਤੇ ਵਿਕਾਸ ਸਬੰਧੀ ਸੱਤ ਬਿੱਲ ਪਾਸ ਕੀਤੇ ਗਏ ਹਨ।
ਅੰਮ੍ਰਿਤਸਰ: ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਵਿਰੁੱਧ ਵਿਧਾਨ ਸਭਾ ’ਚ ਲਏ ਗਏ ਇਤਿਹਾਸਕ ਫੈਸਲਿਆਂ ਦਾ ਵਪਾਰ ਮੰਡਲ ਅੰੰਮ੍ਰਿਤਸਰ ਨੇ ਸਵਾਗਤ ਕਰਦਿਆਂ ਧੰਨਵਾਦ ਕੀਤਾ ਹੈ। ਵਪਾਰੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਸਟੈਂਡ ਲਿਆ ਹੈ, ਉਸ ਤਰ੍ਹਾਂ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਨੇ ਕਰਨ ਦਾ ਹੌਸਲਾ ਨਹੀਂ ਕੀਤਾ।
ਮੁੱਖ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਸਵਾਗਤ
ਬਲਾਚੌਰ (ਸੁਭਾਸ਼ ਜੋਸ਼ੀ ): ਸੀਪੀਆਈ (ਐੱਮ) ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪੰਜਾਬ ਵਿਧਾਨ ਸਭਾ ਵੱਲੋਂ ਸਰਬਸੰਮਤੀ ਨਾਲ ਮੋਦੀ ਸਰਕਾਰ ਵਲੋਂ ਧੱਕੇ ਨਾਲ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦਾ ਪੁਰਜ਼ੋਰ ਸਵਾਗਤ ਕੀਤਾ ਹੈ। ਕਾਮਰੇਡ ਸੇਖੋਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਬਲ ਮਿਲੇਗਾ। ਕਾਮਰੇਡ ਸੇਖੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਪੰਜਾਬ ਦੇ ਸਾਰੇ ਵਿਧਾਇਕਾਂ ਦੀ ਵੀ ਸੀਪੀਆਈ.(ਐੱਮ) ਸ਼ਲਾਘਾ ਕਰਦੀ ਹੈ, ਜਿਨ੍ਹਾਂ ਨੇ ਇਕ ਮੂੰਹ ਹੋ ਕੇ ਪੰਜਾਬ ਦੇ ਲੋਕਾਂ ਖਾਸ ਕਰਕੇ ਸੰਘਰਸ਼ਸ਼ੀਲ ਕਿਸਾਨਾਂ ਦੀ ਆਵਾਜ਼ ਬਣਕੇ ਮੋਦੀ ਸਰਕਾਰ ਨੂੰ ਪੰਜਾਬ ਵਲੋਂ ਜ਼ੋਰਦਾਰ ਸੰਦੇਸ਼ ਦਿੱਤਾ ਹੈ।
‘ਆਪ’ ਵੱਲੋਂ ਕਿਸਾਨਾਂ ਦੇ ਹੱਕ ’ਚ ਵਿਖਾਵਾ
ਤਰਨ ਤਾਰਨ (ਗੁਰਬਖਸ਼ਪੁਰੀ): ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਹੱਕ ਵਿੱਚ ਵਿਖਾਵਾ ਕੀਤਾ| ਪਾਰਟੀ ਆਗੂ ਡਾ. ਕਸ਼ਮੀਰ ਸਿੰਘ ਸੋਹਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਖੇਤੀ ਬਿੱਲਾਂ ਦਾ ਹਸ਼ਰ ਵੀ ਪੰਜਾਬ ਦੇ ਪਾਣੀਆਂ ਦੇ ਰਾਖੇ ਬਣ ਕੇ ਕੁਝ ਸਾਲ ਪਹਿਲਾਂ ਕੈਪਟਨ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲ ਵਾਲਾ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਸਹੀ ਅਰਥਾਂ ਵਿੱਚ ਕਿਸਾਨਾਂ ਦੀ ਹਮਦਰਦ ਹੈ ਤਾਂ ਸਰਕਾਰ ਨੂੰ ਸਾਰੀ ਕਿਸਾਨੀ ਉਪਜ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਕੀਮਤ ਅਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਗਰੰਟੀ ਵਾਲਾ ਬਿੱਲ ਪਾਸ ਕਰਨਾ ਚਾਹੀਦਾ ਸੀ|