ਨਰਿੰਦਰ ਸਿੰਘ
ਭਿੱਖੀਵਿੰਡ, 19 ਅਕਤੂਬਰ
ਸੁਪਰੀਮ ਕੋਰਟ ਅਤੇ ਪੰਜਾਬ ਸਰਕਾਰ ਦੀ ਮਨਾਹੀ ਦੇ ਬਾਵਜੂਦ ਵੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਕਈ ਹਾਦਸੇ ਵਾਪਰ ਚੁੱਕੇ ਹਨ ਅੱਜ ਵੀ ਇੱਕ ਅਜਿਹਾ ਹਾਦਸਾ ਤਰਨਤਾਰਨ ਦੇ ਪਿੰਡ ਨੂਰਦੀ ਵਿਖੇ ਵਾਪਰ ਗਿਆ ਜਿਸ ਵਿਚ ਇੱਕ ਵਿਅਕਤੀ ਅੰਗਰੇਜ਼ ਸਿੰਘ ਦੀ ਜਾਨ ਚਲੀ ਗਈ ਅਤੇ ਇੱਕ ਜ਼ਖਮੀ ਹੋ ਗਿਆ।
ਇਸ ਸਬੰਧੀ ਪਿੰਡ ਵਾਸੀਆਂ ਅਤੇ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਤਰਨਤਾਰਨ-ਝਬਾਲ ਰੋਡ ਤੇ ਪਿੰਡ ਨੂਰਦੀ ਵਿਖੇ ਕਿਸਾਨ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਹੋਣ ਕਰਕੇ ਧੂੰਆਂ ਇਨ੍ਹਾਂ ਜ਼ਿਆਦਾ ਵੱਧ ਗਿਆ ਜਿਸ ਕਰਕੇ ਸੜਕ ’ਤੇ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ। ਇਸ ਦੇ ਚੱਲਦਿਆਂ ਕੰਬਾਈਨ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਹੋ ਗਈ ਅਤੇ ਇਸ ਟੱਕਰ ਵਿਚ ਅੰਗਰੇਜ਼ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਲੜਕਾ ਅਜੈਪਾਲ ਸਿੰਘ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਮੌਕੇ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਪਿਓ ਪੁੱਤਰ ਭੱਠੇ ’ਤੇ ਮਜ਼ਦੂਰੀ ਕਰਦੇ ਸਨ ਅਤੇ ਆਪਣੇ ਕੰਮ ਤੋਂ ਵਾਪਿਸ ਆ ਰਹੇ ਸਨ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ।
ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਅੰਗਰੇਜ਼ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਜ਼ਖਮੀ ਲੜਕੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਪੁਲੀਸ ਵੱਲੋਂ ਅੰਗਰੇਜ਼ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦਰਜ ਕੀਤੇ ਹਨ ਜਿਸ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।