ਰਾਜਨ ਮਾਨ
ਮਜੀਠਾ, 19 ਅਕਤੂਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕੁੱਝ ਮੌਕਾਪ੍ਰਸਤ ਫਿਰਕੂ ਕਿਸਮ ਦੇ ਸਿਆਸਤਦਾਨਾਂ ਵੱਲੋਂ ਕਲਾਕਾਰਾਂ ਵਾਲੇ ਬੁਰਕੇ ਪਾ ਕੇ ਕਾਲੇ ਖੇਤੀ ਕਾਨੂੰਨਾਂ ਦੇ ਮੁਕਾਬਲੇ ’ਤੇ ਫਿਰਕਾਪ੍ਰਸਤ ਮਸਲੇ ਉਭਾਰ ਕੇ ਭੜਕਾਊ ਹਿੰਸਕ ਮਾਹੌਲ ਪੈਦਾ ਕਰਨ ਦੇ ਨਾਪਾਕ ਯਤਨਾਂ ਤੋਂ ਨੌਜਵਾਨਾਂ ਨੂੰ ਖਬਰਦਾਰ ਰਹਿਣ ਦਾ ਸੱਦਾ ਦਿੱਤਾ ਹੈ। ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕੱਥੂਨੰਗਲ ਟੌਲ ਪਲਾਜ਼ਾ ਤੇ ਚੱਲ ਰਹੇ ਧਰਨੇ ਦੇ ਅੱਜ 19ਵੇਂ ਦਿਨ ਕਿਸਾਨਾਂ ਨੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਆਖਰੀ ਸਾਹਾਂ ਤੱਕ ਲੜਾਈ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਧਰਨੇ ਵਿੱਚ ਵੱਡੀ ਗਿਣਤੀ ਵਿਚ ਔਰਤਾਂ ਤੇ ਬੱੱਚਿਆਂ ਦੀ ਸ਼ਮੂਲੀਅਤ ਨਾਲ ਲਹਿਰ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ।
ਧਰਨੇ ਨੂੰ ਲਖਵਿੰਦਰ ਸਿੰਘ ਮੰਜਿਆਂ ਵਾਲਾ, ਦਲਜੀਤ ਸਿੰਘ ਚਤੌੜਗੜ ,ਅਜੀਤ ਸਿੰਘ ਖੋਖਰ ,ਸਕੱਤਰ ਸਿੰਘ ਭੇਟ ਪੱਤਣ ਅਤੇ ਰਛਪਾਲ ਸਿੰਘ ਟਰਪਈ ਨੇ ਸੰਬੋਧਨ ਕੀਤਾ। ਉਨ੍ਹਾਂ ਪੰਜਾਬ ਭਰ ਵਿੱਚ ਸਾਰੇ ਕਾਮਿਆਂ, ਕਿਸਾਨਾਂ, ਕਲਾਕਾਰਾਂ, ਬੁੱਧੀਜੀਵੀਆਂ, ਮੁਲਾਜ਼ਮਾਂ, ਵਿਦਿਆਰਥੀਆਂ ਵੱਲੋਂ ਇਸ ਘੋਲ਼ ਨੂੰ ਮਿਲ ਰਹੇ ਜ਼ਬਰਦਸਤ ਸਮਰਥਨ ਦਾ ਧੰਨਵਾਦ ਕੀਤਾ। ਬੁਲਾਰਿਆਂ ਨੇ ਕੈਪਟਨ ਸਰਕਾਰ ਨੂੰ ਖਬਰਦਾਰ ਕੀਤਾ ਕਿ ਕਿਸਾਨਾਂ ਦੇ ਇਸ ਰੋਹ ਦਾ ਸਿਆਸੀ ਲਾਹਾ ਖੱਟਣ ਦੇ ਲਾਲਚ ਵਿੱਚ ਉਹ ਖੁਦ ਇਸ ਰੋਹ ਦਾ ਸ਼ਿਕਾਰ ਨਾ ਬਣ ਜਾਵੇ। ਇਸ ਮੌਕੇ ਤੇ ਗੁਰਬਚਨ ਸਿੰਘ ਮੰਗਲ ਸਿੰਘ ਗੋਸਲ, ਸਾਹਿਬ ਸਿੰਘ ਖੋਖਰ ,ਸਤਨਾਮ ਸਿੰਘ ਕੋਟ ਟੋਡਰ ਮੱਲ, ਅਜਮੇਰ ਸਿੰਘ ,ਕਸਮੀਰ ਸਿੰਘ ਕਠਿਆਲਾ, ਬਖਸ਼ੀਸ਼ ਸਿੰਘ ਕੀੜੀ ,ਬਲਜਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): 31 ਕਿਸਾਨ ਜਥੇਬੰਦੀਆਂ ਵੱਲੋਂ ਮਜ਼ਦੂਰਾਂ, ਕਿਸਾਨਾਂ, ਪੱਲੇਦਾਰਾਂ, ਆੜ੍ਹਤੀਆਂ ਤੇ ਦੁਕਾਨਦਾਰਾਂ ਦੀ ਬਰਬਾਦੀ ਦੇ ਖੇਤੀ ਮਾਰੂ ਕਾਨੂੰਨ ਵਾਪਸ ਕਰਵਾਉਣ ਲਈ ਬੁਟਾਰੀ ਵਿਖੇ ਪਹਿਲੀ ਅਕਤੂਬਰ ਤੋਂ ਰੇਲਵੇ ਸਟੇਸ਼ਨ ’ਤੇ ਲਾਇਆ ਧਰਨਾ ਅੱਜ 19ਵੇਂ ਦਿਨ ਵਿਚ ਦਾਖਲ ਹੋ ਗਿਆ ਹੈ । ਅੱਜ ਦੇ ਧਰਨੇ ਵਿੱਚ ਲੇਖਕਾਂ ਤੇ ਕਲਾਕਾਰਾਂ ਨੇ ਸ਼ਮੂਲੀਅਤ ਕਰਕੇ ਕਿਸਾਨਾਂ ਦੀਆਂ ਮੰਗਾਂ ਦੀ ਹਿਮਾਇਤ ਕੀਤੀ। ਅੱਜ ਧਰਨੇ ਵਿਚ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ, ਗਾਇਕ ਕਲਾਕਾਰ ਸੁਖਵੰਤ ਚੇਤਨਪੁਰੀ, ਸਰਹੱਦੀ ਸਾਹਿਤ ਸਭਾ ਅੰਮ੍ਰਿਤਸਰ ਦੇ ਪ੍ਰਧਾਨ ਰਾਸ਼ਟਰਵਾਦੀ ਕਵੀ ਹਰੀ ਸਿੰਘ ਗਰੀਬ, ਦਿਲਬਾਗ ਸਿੰਘ ਸਰਕਾਰੀਆ, ਰਜੇਸ਼ ਯਾਦਵ, ਮਨਜੀਤ ਸਿੰਘ ਧਾਲੀਵਾਲ ਆਦਿ ਲੇਖਕ, ਕਲਾਕਾਰ ਸ਼ਾਮਲ ਹੋਏ।
ਧਰਨੇ ਨੂੰ ਕਿਸਾਨ ਮਜ਼ਦੂਰ ਆਗੂ ਡਾ. ਸਤਨਾਮ ਸਿੰਘ ਅਜਨਾਲਾ, ਕੁਲ ਹਿੰਦ ਕਿਸਾਨ ਸਭਾ ਦੇ ਆਗੂ ਬੀਬੀ ਦਸਵਿੰਦਰ ਕੌਰ, ਕਾਮਰੇਡ ਲਖਬੀਰ ਸਿੰਘ ਨਿਜਾਮਪੁਰਾ, ਕਾਮਰੇਡ ਅਮਰਜੀਤ ਸਿੰਘ ਆਸਲ, ਕਸ਼ਮੀਰ ਸਿੰਘ ਬਲੱਗਣ, ਹਰਜੀਤ ਸਿੰਘ ਜੌਹਲ, ਦਲਬੀਰ ਸਿੰਘ ਬੇਦਾਦਪੁਰ ਨੇ ਸੰਬੋਧਨ ਕੀਤਾ। ਇਸ ਸਮੇਂ ਜਮਹੂਰੀ ਕਿਸਾਨ ਸਭਾ ਦੇ ਆਗੂ ਡਾ. ਗੁਰਮੇਜ ਸਿੰਘ ਹਿੱਸੋਵਾਲ, ਸਾਥੀ ਟਹਿਲ ਸਿੰਘ, ਸਾਥੀ ਭੁਪਿੰਦਰ ਸਿੰਘ, ਪ੍ਰਕਾਸ਼ ਸਿੰਘ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸਾਥੀ ਕਾਬਲ ਸਿੰਘ ਵਰਿਆਹ, ਅਜਾਦ ਕਿਸਾਨ ਸੰਘਰਸ਼ ਕਮੇਟੀ ਵੱਲੋਂ ਤਰਸੇਮ ਸਿੰਘ ਠੱਠੀਆਂ, ਇੰਡੀਅਨ ਫਾਰਮਰ ਵੱਲੋਂ ਸਾਥੀ ਅਮਰ ਸਿੰਘ, ਸੁਖਦੇਵ ਸਿੰਘ ਤੁੜ ਸੂਬਾ ਕਮੇਟੀ ਮੈਂਬਰ ਆਦਿ ਮੌਜੂਦ ਸਨ ।
ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਚੱਕ ਬਾਹਮਣੀਆਂ, ਗਿੱਦੜਪਿੰਡੀ ਅਤੇ ਸੰਗੋਵਾਲ ਦੇ ਟੌਲ ਪਲਾਜ਼ਿਆਂ ਉੱਪਰ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਏ ਧਰਨੇ ਅੱਜ ਵੀ ਜਾਰੀ ਰਹੇ। ਕਿਸਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਬਚਿੱਤਰ ਸਿੰਘ ਤੱਗੜ, ਚਰਨਜੀਤ ਥੰਮੂਵਾਲ, ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ, ਰਾਜਿੰਦਰ ਕੁਮਾਰ, ਮਨਦੀਪ ਸਿੰਘ, ਵਰਿੰਦਰਪਾਲ ਸਿੰਘ ਅਤੇ ਕਰਨੈਲ ਸਿੰਘ ਆਦਿ ਨੇ ਸੰਬੋਧਨ ਕੀਤਾ। ਊਨ੍ਹਾਂ ਕਿਹਾ ਕਿ ਸੰਘਰਸ਼ ਨੂੰ ਦੇਸ਼ ਵਿਆਪੀ ਬਣਾਉਣ ਨਾਲ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਚੇਤਨਪੁਰਾ (ਪੱਤਰ ਪੇ੍ਰਕ): ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਂਝੇ ਸੰਘਰਸ਼ ’ਚ ਸ਼ਮੂਲੀਅਤ ਕਰਦਿਆਂ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਵੱਲੋਂ ਜ਼ਿਲ੍ਹਾ ਕਮੇਟੀ ਮੈਂਬਰ ਦਰਬਾਰਾ ਸਿੰਘ ਨਵਾਂ ਪਿੰਡ, ਬਲਦੇਵ ਸਿੰਘ ਮੋਹਣ ਭੰਡਾਰੀਆਂ ਅਤੇ ਸੁਖਦੇਵ ਸਿੰਘ ਤਲਵੰਡੀ ਨਾਹਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਿਰੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਨਵਾਂ ਪਿੰਡ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇੇ ਕੇਂਦਰ ਸਰਕਾਰ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ। ਇਸ ਮੌਕੇ ਮਾ: ਭੁਪਿੰਦਰ ਸਿੰਘ, ਗੁਰਮੀਤ ਸਿੰਘ, ਬੇਅੰਤ ਸ਼ਰਮਾਂ, ਰਛਪਾਲ ਸਿੰਘ, ਪ੍ਰੀਤਮ ਚੰਦ, ਹਰਦੇਵ, ਰੁਸਤਮ ਸਿੰਘ, ਹਰਦੀਪ ਸਿੰਘ, ਰਣਬੀਰ ਸਿੰਘ, ਗੁਰਮੇਜ ਸਿੰਘ ਆਦਿ ਹਾਜ਼ਰ ਸਨ।
ਭੁਲੱਥ (ਪੱਤਰ ਪੇ੍ਰਕ): ਅੱਜ ਭਾਕਿਯੂ ਕਾਦੀਆਂ ਵਲੋਂ ਰੇਲਵੇ ਸਟੇਸ਼ਨ ਤੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਹੈ। ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਸਬੀਰ ਸਿੰਘ ਲਿਟਾਂ ਨੇ ਦੱਸਿਆ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲੈਣ ਤੱਕ ਅਣਮਿੱਥੇ ਸਮੇਂ ਲਈ ਧਰਨਾ ਅੱਜ ਰੇਲਵੇ ਸਟੇਸ਼ਨ ਢਿਲਵਾਂ ਤੇ ਧਰਨਾ ਉਨੀਵੇਂ ਦਿਨ ਲਗਾਤਾਰ ਜਾਰੀ ਹੈ।
ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪਾਂ ’ਤੇ ਧਰਨੇ ਜਾਰੀ
ਤਰਨ ਤਾਰਨ (ਗੁਰਬਖ਼ਸ਼ਪੁਰੀ): ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਸਾਂਝੇ ਤੌਰ ਤੇ ਅੱਜ ਦੂਸਰੇ ਦਿਨ ਵੀ ਤਰਨ ਤਾਰਨ-ਅੰਮ੍ਰਿਤਸਰ ਸੜਕ ’ਤੇ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਤੇ ਧਰਨਾ ਦਿੱਤਾ| ਪੈਟਰੋਲ ਪੰਪ ਦੇ ਪ੍ਰਬੰਧਕ ਨੇ ਪੰਪ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ| ਧਰਨਾਕਾਰੀਆਂ ਦੀ ਅਗਵਾਈ ਅਜੈਬ ਸਿੰਘ ਅਤੇ ਕੁਲਵੰਤ ਸਿੰਘ ਖਹਿਰਾ ਨੇ ਕੀਤੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਭੁਪਿੰਦਰ ਸਿੰਘ ਪੰਡੋਰੀ ਤਖਤ ਮੱਲ, ਬਲਦੇਵ ਸਿੰਘ ਬਲ, ਮਨਜੀਤ ਸਿੰਘ ਡਾਲੇਕੇ, ਨਛੱਤਰ ਸਿੰਘ ਬਾਕੀਪੁਰ ਨੇ ਸੰਬੋਧਨ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਅਤੇ ਇਸਦੇ ਜੋਟੀਦਾਰਾਂ ਕਾਰਪੋਰੇਟ ਘਰਾਣਿਆਂ ਖਿਲਾਫ਼ ਸ਼ੁਰੂ ਕੀਤਾ ਅੰਦੋਲਨ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰੱਖਿਆ ਜਾਵੇਗਾ| ਬੁਲਾਰਿਆਂ ਸਰਕਾਰ ਵਲੋਂ ਵਿੱਢੀ ਇਕ ਸਾਜ਼ਿਸ਼ ਤਹਿਤ ਕਿਸਾਨੀ ਦੇ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਕੀਤੀਆਂ ਜਾ ਰਹੀਆਂ ਚਾਲਾਂ ਤੋਂ ਅੰਦੋਲਨਕਾਰੀ ਧਿਰਾਂ ਨੂੰ ਸੁਚੇਤ ਰਹਿਣ ਲਈ ਕਿਹਾ|
ਜੈਂਤੀਪੁਰ (ਪੱਤਰ ਪੇ੍ਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਰੋਸ ਧਰਨਾ ਅੱਜ ਉਨੀਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਨੇ ਪੰਜਾਬ ਭਰ ਵਿੱਚ ਸਾਰੇ ਕਾਮਿਆਂ, ਕਿਸਾਨਾਂ, ਕਲਾਕਾਰਾਂ, ਬੁੱਧੀਜੀਵੀਆਂ, ਮੁਲਾਜਮਾਂ, ਵਿਦਿਆਰਥੀਆਂ ਵੱਲੋਂ ਇਸ ਘੋਲ ਨੂੰ ਮਿਲ ਰਹੇ ਜ਼ਬਰਦਸਤ ਸਮਰਥਨ ਦਾ ਧੰਨਵਾਦ ਕੀਤਾ। ਇਸ ਮੌਕੇ ਲਖਵਿੰਦਰ ਸਿੰਘ, ਦਲਜੀਤ ਸਿੰਘ , ਅਜੀਤ ਸਿੰਘ ਖੋਖਰ ਸਕੱਤਰ ਸਿੰਘ, ਰਛਪਾਲ ਸਿੰਘ, ਗੁਰਬਚਨ ਸਿੰਘ, ਮੰਗਲ ਸਿੰਘ, ਬਲਜਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।