
ਪਾਵਰਕੌਮ ਦੇ ਦਫ਼ਤਰ ਅੱਗੇ ਧਰਨਾ ਦਿੰਦੇ ਹੋਏ ਕਿਸਾਨ ਤੇ ਮਜ਼ਦੂਰ। ਫੋਟੋ: ਗਿੱਲ
ਪੱਤਰ ਪ੍ਰੇਰਕ
ਅਟਾਰੀ, 25 ਮਈ
ਪਾਵਰਕੌਮ ਦਫ਼ਤਰ ਅਟਾਰੀ ਵੱਲੋਂ ਸਰਹੱਦੀ ਪਿੰਡ ਡੰਡੇ ਵਿੱਚ ਬਿਜਲੀ ਦੇ ਸਮਾਰਟ ਮੀਟਰ ਲਗਾਏ ਜਾਣ ਦਾ ਵਿਰੋਧ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਬਾਉਲੀ ਸਾਹਿਬ ਦੇ ਆਗੂਆਂ ਵੱਲੋਂ ਨਵੇਂ ਲਗਾਏ ਸਮਾਰਟ ਮੀਟਰਾਂ ਨੂੰ ਉਤਾਰ ਕੇ ਅੱਜ ਬਿਜਲੀ ਘਰ ਦਫ਼ਤਰ ਅਟਾਰੀ ਵਿੱਚ ਜਮ੍ਹਾਂ ਕਰਵਾਏ ਗਏ ਹਨ। ਇਸ ਸਬੰਧੀ ਕਾਬਲ ਸਿੰਘ ਮੁਹਾਵਾ ਨੇ ਦੱਸਿਆ ਕਿ ਪਿੰਡ ਡੰਡੇ ਵਿੱਚ ਸਮਾਰਟ ਮੀਟਰ ਲਗਾਉਣ ਦੇ ਖ਼ਿਲਾਫ਼ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਾਵਰਕੌਮ ਦਫ਼ਤਰ ਅਟਾਰੀ ਵਿਖੇ ਧਰਨਾ ਦਿੱਤਾ ਗਿਆ ਕਿਉਂਕਿ ਬਿਜਲੀ ਵਿਭਾਗ ਵੱਲੋਂ ਅੱਜ ਪਿੰਡ ਡੰਡੇ ਵਿੱਚ ਜਿਵੇਂ ਹੀ ਕਿਸਾਨ ਜਥੇਬੰਦੀਆਂ ਨੂੰ ਸਮਾਰਟ ਮੀਟਰ ਲਗਾਉਣ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਸਮਾਰਟ ਮੀਟਰਾਂ ਦਾ ਵਿਰੋਧ ਕਰਦਿਆਂ ਮੀਟਰ ਉਤਾਰ ਕੇ ਬਿਜਲੀ ਘਰ ਅਟਾਰੀ ਜਮ੍ਹਾਂ ਕਰਵਾਏ ਗਏ ਤਾਂ ਬਿਜਲੀਘਰ ਤੋਂ ਪਿੰਡ ਡੰਡੇ ਨੂੰ ਜਾਂਦੀ ਲਾਈਨ ਦੇ ਜੰਪਰ ਕੱਟ ਕੇ ਬਿਜਲੀ ਬੰਦ ਕਰ ਦਿੱਤੀ। ਇਸ ਮੌਕੇ ਕਿਸਾਨ ਆਗੂਆਂ ਨੇ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਨੂੰ ਸਹਿਯੋਗ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਐਸਡੀਓ ਦਫ਼ਤਰ ਅਟਾਰੀ ਵਿਖੇ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਿੰਡ ਡੰਡੇ ਦੀ ਬਿਜਲੀ ਚਾਲੂ ਨਹੀਂ ਕੀਤੀ ਜਾਂਦੀ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ