Farmers Protest: ਕਿਸਾਨਾਂ ਨੇ ਮੁੱਖ ਖੇਤੀ ਅਫਸਰ ਦਾ ਦਫ਼ਤਰ ਘੇਰਿਆ
ਖਾਦ ਮਿੱਥੇ ਭਾਅ ਤੋਂ ਵੱਧ ਕੀਮਤ ’ਤੇ ਵੇਚਣ ਦਾ ਦੋਸ਼; ਅਧਿਕਾਰੀਆਂ ਦੇ ਭਰੋਸੇ ਮਗਰੋਂ ਧਰਨਾ ਸਮਾਪਤ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਡੀ ਏ ਪੀ ਅਤੇ ਯੂਰੀਆ ਖਾਦ ਮਿੱਥੇ ਹੋਏ ਰੇਟਾਂ ਤੋਂ ਵੱਧ ਕੀਮਤ ’ਤੇ ਬਾਜ਼ਾਰ ਵਿੱਚ ਵੇਚਣ ਅਤੇ ਕਿਸਾਨਾਂ ਨੂੰ ਖਾਦ ਦੇ ਨਾਲ ਵਾਧੂ ਤੇ ਬੇਲੋੜੀਆਂ ਦਵਾਈਆਂ ਤੇ ਹੋਰ ਖਾਦਾਂ ਖਰੀਦਣ ਲਈ ਮਜਬੂਰ ਕਰਨ ਦੇ ਵਿਰੋਧ ਵਿੱਚ ਅੱਜ ਮੁੱਖ ਖੇਤੀ ਅਫ਼ਸਰ ਅੰਮ੍ਰਿਤਸਰ ਦੇ ਦਫ਼ਤਰ ਅੱਗੇ ਧਰਨਾ ਲਾਇਆ ਗਿਆ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਦੁਪਹਿਰ 2 ਵਜੇ ਤੱਕ ਜਥੇਬੰਦੀ ਦੇ ਆਗੂਆਂ ਨੂੰ ਗੱਲਬਾਤ ਲਈ ਕੋਈ ਸੱਦਾ ਨਾ ਮਿਲਣ ’ਤੇ ਜਥੇਬੰਦੀ ਦੇ ਆਗੂਆਂ ਅਤੇ ਕਿਸਾਨਾਂ ਵੱਲੋਂ ਮੁੱਖ ਖੇਤੀ ਦਫ਼ਤਰ ਦੇ ਅੰਦਰ ਜਾ ਕੇ ਧਰਨਾ ਦਿੱਤਾ ਗਿਆ, ਜੋ ਲਗਪਗ ਸਾਢੇ ਚਾਰ ਵਜੇ ਤੱਕ ਚੱਲਿਆ।
ਕਿਸਾਨਾਂ ਦੇ ਲਗਾਤਾਰ ਸੰਘਰਸ਼ ਦੇ ਮੱਦੇਨਜ਼ਰ ਮੁੱਖ ਖੇਤੀ ਅਫ਼ਸਰ ਅਮਰਜੀਤ ਸਿੰਘ, ਮਾਰਕਫੈੱਡ ਦੇ ਅਧਿਕਾਰੀ, ਡੀ ਆਰ ਓ ਅਤੇ ਸਹਿਕਾਰੀ ਸਭਾਵਾਂ ਸਣੇ ਸਬੰਧਤ ਅਧਿਕਾਰੀ ਮੌਕੇ ’ਤੇ ਪਹੁੰਚੇ। ਕਿਸਾਨ ਆਗੂਆਂ ਅਤੇ ਅਧਿਕਾਰੀਆਂ ਵਿਚਕਾਰ ਗੱਲਬਾਤ ਹੋਈ। ਉਨ੍ਹਾਂ ਦੱਸਿਆ ਕਿ ਗੱਲਬਾਤ ਦੌਰਾਨ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਜੇ ਕੋਈ ਖਾਦ ਵਿਕਰੇਤਾ ਡੀ ਏ ਪੀ ਜਾਂ ਯੂਰੀਆ ਸਰਕਾਰ ਵੱਲੋਂ ਮਿੱਥੇ ਹੋਏ ਰੇਟ ਤੋਂ ਵੱਧ ਕੀਮਤ ’ਤੇ ਵੇਚਦਾ ਪਾਇਆ ਗਿਆ ਤਾਂ ਉਸ ਦਾ ਲਾਇਸੈਂਸ ਮੌਕੇ ’ਤੇ ਰੱਦ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਖਾਦ ਨਾਲ ਵਾਧੂ ਅਤੇ ਬੇਲੋੜੀਆਂ ਦਵਾਈਆਂ ਜਾਂ ਹੋਰ ਸਾਮਾਨ ਦੇਣ ਦੀਆਂ ਸ਼ਿਕਾਇਤਾਂ ’ਤੇ ਵੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ 29 ਸਤੰਬਰ ਨੂੰ ਡੀ ਸੀ ਅਤੇ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਿੱਤਾ ਗਿਆ।
ਅਧਿਕਾਰੀਆਂ ਵੱਲੋਂ ਦਿੱਤੇ ਭਰੋਸੇ ਉਪਰੰਤ ਜਥੇਬੰਦੀ ਵੱਲੋਂ ਅੱਜ ਦਾ ਧਰਨਾ ਸਮਾਪਤ ਕੀਤਾ ਗਿਆ।

