DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੂਰਾ ਪਾਣੀ ਨਾ ਮਿਲਣ ਕਾਰਨ ਕਿਸਾਨਾਂ ’ਚ ਰੋਸ

ਯੂ ਬੀ ਡੀ ਸੀ ਹਾਈਡਲ ਨਹਿਰ ਦੀ ਛੇ ਮਹੀਨੇ ਬੀਤ ਜਾਣ ਬਾਅਦ ਵੀ ਮੁਰੰਮਤ ਨਾ ਹੋਈ

  • fb
  • twitter
  • whatsapp
  • whatsapp
featured-img featured-img
ਹਾਈਡਲ ਨਹਿਰ ਵਿੱਚ ਮਾਰਿਆ ਗਿਆ ਮਿੱਟੀ ਦਾ ਕੱਚਾ ਬੰਨ੍ਹ।
Advertisement

ਪਿਛਲੇ ਸਾਲ ਅਗਸਤ ਮਹੀਨੇ ਵਿੱਚ ਆਏ ਹੜ੍ਹਾਂ ਕਾਰਨ ਨੁਕਸਾਨਗ੍ਰਸਤ ਹੋਈ ਯੂ ਬੀ ਡੀ ਸੀ ਹਾਈਡਲ ਨਹਿਰ ਦੀ ਛੇ ਮਹੀਨੇ ਬੀਤ ਜਾਣ ਬਾਅਦ ਵੀ ਮੁਰੰਮਤ ਸਿਰੇ ਨਾ ਚੜ੍ਹਨ ਕਾਰਨ ਨਹਿਰ ਨਾਲ ਲੱਗਦੇ ਸੈਂਕੜੇ ਕਿਸਾਨਾਂ ਅਤੇ ਬਾਗਬਾਨਾਂ ਨੂੰ ਸਿੰਜਾਈ ਲਈ ਪਾਣੀ ਦੇਣ ਵਾਸਤੇ ਨਹਿਰ ਦੇ ਮੁੱਢ ਵਿੱਚ ਹੀ ਸਿੰਜਾਈ ਵਿਭਾਗ ਨੇ ਮਿੱਟੀ ਦਾ ਕੱਚਾ ਬੰਨ੍ਹ ਮਾਰ ਕੇ ਬਾਦਸ਼ਾਹੀ ਨਹਿਰ ਵਿੱਚ ਪਾਣੀ ਪਾਉੇਣਾ ਸ਼ੁਰੂ ਕਰ ਦਿੱਤਾ ਹੈ। ਇਸ ਬਾਦਸ਼ਾਹੀ ਨਹਿਰ ਅੰਦਰ ਪਾਣੀ ਦੀ 300 ਕਿਊਸਿਕ ਦੀ ਸਮਰੱਥਾ ਹੋਣ ਦੇ ਬਾਵਜੂਦ ਵਿਭਾਗ ਵੱਲੋਂ ਮਹਿਜ਼ 150 ਕਿਊਸਿਕ ਹੀ ਪਾਣੀ ਛੱਡਣ ਨਾਲ ਕਿਸਾਨਾਂ ਅਤੇ ਬਾਗਬਾਨਾਂ ਅੰਦਰ ਵਿਭਾਗ ਖਿਲਾਫ ਭਾਰੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 15 ਕਿਲੋਮੀਟਰ ਲੰਬੀ ਬਾਦਸ਼ਾਹੀ ਨਹਿਰ ਦੇ ਸ਼ੁਰੂ ਵਿੱਚ ਲੱਗਦੇ ਕਿਸਾਨਾਂ ਨੂੰ ਹੀ ਪਾਣੀ ਮਿਲੇਗਾ ਜਦ ਕਿ ਪਿਛਲੇ ਟੇਲ ਉੱਪਰ ਵਾਲੇ ਕਿਸਾਨਾਂ ਨੂੰ ਲਈ ਪਾਣੀ ਨਹੀਂ ਪੁੱਜ ਰਿਹਾ। ਉਨ੍ਹਾਂ ਮੰਗ ਕੀਤੀ ਕਿ ਜਦ ਤੱਕ ਹਾਈਡਲ ਨਹਿਰ ਦੀ ਮੁਰੰਮਤ ਸਿਰੇ ਨਹੀਂ ਚੜ੍ਹਦੀ ਤਦ ਤੱਕ ਇਸ ਕੱਚੇ ਬੰਨ੍ਹ ਨੂੰ ਹੋਰ ਉੱਚਾ ਕਰਕੇ ਬਾਦਸ਼ਾਹੀ ਨਹਿਰ ਵਿੱਚ ਪੂਰੀ ਸਮਰੱਥਾ ਅਨੁਸਾਰ ਪਾਣੀ ਛੱਡਿਆ ਜਾਵੇ। ਲੀਚੀ ਗਰੋਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਡਡਵਾਲ, ਬਾਗਬਾਨ ਰਾਜੂ ਠਾਕੁਰ, ਰਾਮ ਸਿੰਘ, ਵਿਕਰਮ ਸਿੰਘ ਅਤੇ ਕਿਸਾਨਾਂ ਰਾਜਵੀਰ ਸਿੰਘ, ਸ਼ਿਵ ਸਿੰਘ, ਭਾਨੂੰ ਠਾਕੁਰ ਆਦਿ ਨੇ ਦੱਸਿਆ ਕਿ ਬਾਦਸ਼ਾਹੀ ਨਹਿਰ ਰਾਹੀਂ ਬੇਹੜੀਆਂ, ਭੋਆ, ਕੋਟਲੀ, ਕੀੜੀ ਗੰਡਿਆਲ, ਸ਼ੇਰਪੁਰ, ਸ਼ਰੀਫ ਚੱਕ, ਜਖਬੜ ਜੋਗੀਆਂ, ਮੁਰਾਦਪੁਰ ਆਦਿ ਪਿੰਡਾਂ ਦੀ 7000 ਏਕੜ ਭੂਮੀ ਦੀ ਸਿੰਜਾਈ ਹੁੰਦੀ ਹੈ, ਜਿਸ ਵਿੱਚੋਂ 2500 ਏਕੜ ਇਕੱਲੀ ਲੀਚੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਕਣਕ ਲਈ ਪਾਣੀ ਨਹੀਂ ਮਿਲਿਆ ਅਤੇ ਹੁਣ ਝੋਨੇ ਦੀ ਫਸਲ ਵੀ ਜੂਨ ਮਹੀਨੇ ਬੀਜੀ ਜਾਣੀ ਹੈ। ਜਿਸ ਲਈ ਇਹ ਇੰਨਾ ਥੋੜ੍ਹਾ ਪਾਣੀ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕੇਗਾ। ਇਸੇ ਤਰ੍ਹਾਂ ਇਸ ਮਹੀਨੇ ਲੀਚੀ ਦੀ ਫਸਲ ਲਈ ਵੀ ਪਾਣੀ ਦੀ ਬੇਹੱਦ ਜ਼ਰੂਰਤ ਹੈ। ਜੇਕਰ ਪਾਣੀ ਪੂਰਾ ਨਾ ਲੱਗੇਗਾ ਤਾਂ ਲੀਚੀ ਦਾ ਸਾਈਜ਼ ਪੂਰਾ ਨਹੀਂ ਬਣੇਗਾ ਅਤੇ ਝਾੜ ਵੀ ਪੂਰਾ ਨਹੀਂ ਨਿਕਲੇਗਾ। ਇਸ ਦੇ ਇਲਾਵਾ ਲੀਚੀ ਦੀ ਕੁਆਲਿਟੀ ਵੀ ਕਮਜ਼ੋਰ ਹੋ ਜਾਵੇਗੀ।

ਮਾਧੋਪੁਰ ਹੈਡਵਰਕਸ ਦੇ ਐੱਸ ਡੀ ਓ ਰਾਜੀਵ ਕੁਮਾਰ ਨੇ ਸਪੱਸ਼ਟ ਕੀਤਾ ਕਿ ਮਾਧੋਪੁਰ ਹਾਈਡਲ ਨਹਿਰ ਅਜੇ ਨਾ ਚੱਲਣ ਕਾਰਨ ਫਿਲਹਾਲ ਆਰਜ਼ੀ ਬੰਨ੍ਹ ਬਣਾ ਕੇ 150 ਕਿਊਸਿਕ ਪਾਣੀ ਬਾਦਸ਼ਾਹੀ ਨਹਿਰ ਵਿੱਚ ਭੇਜਿਆ ਜਾ ਰਿਹਾ ਹੈ। ਪਾਵਰਕੌਮ ਵਿਭਾਗ ਦੇ ਐਕਸੀਅਨ ਰਾਹੁਲ ਅਤਰੀ ਦਾ ਕਹਿਣਾ ਸੀ ਕਿ ਮਾਧੋਪੁਰ ਹਾਈਡਲ ਨਹਿਰ ਦੀ ਮੁਰੰਮਤ ਕਰਨ ਲਈ ਸਿਲਟ ਇਜੈਕਟਰ ਦੇ ਡਿਜ਼ਾਈਨ ਬਾਰੇ ਅਜੇ ਪਾਵਰਕੌਮ ਨੇ ਕੋਈ ਫੈਸਲਾ ਅੰਤਿਮ ਫੈਸਲਾ ਨਹੀਂ ਲਿਆ। ਜ਼ਿਕਰਯੋਗ ਹੈ ਕਿ ਨਹਿਰ ਦੀ ਮੁਰੰਮਤ ਉੱਪਰ ਹੁਣ ਤੱਕ 25.50 ਕਰੋੜ ਰੁਪਏ ਖਰਚ ਹੋ ਚੁੱਕੇ ਹਨ।

Advertisement

Advertisement
Advertisement
×