DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਸਾਰੀ ਰੋਕਣ ’ਤੇ ਕਿਸਾਨ ਜਥੇਬੰਦੀ ਨੇ ਥਾਣਾ ਘੇਰਿਆ

22 ਸਾਲ ਪਹਿਲਾਂ ਖ਼ਰੀਦਿਆ ਸੀ ਪਲਾਟ; ਪੁਲੀਸ ’ਤੇ ਕੰਮ ’ਚ ਵਿਘਨ ਪਾੳੁਣ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਥਾਣੇ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਅਤੇ ਪੀੜਤ ਪਰਿਵਾਰ ਦੇ ਮੈਂਬਰ।
Advertisement
ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਅਤੇ ਜਨਤਕ ਜਥੇਬੰਦੀਆਂ (ਜੇ ਪੀ ਐੱਮ ਓ) ਦੇ ਕਨਵੀਨਰ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਥਾਣਾ ਕੰਟੋਨਮੈਟ ਅੱਗੇ ਕਿਸਾਨਾਂ ਨੇ ਧਰਨਾ ਲਾਇਆ। ਧਰਨਾਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਇਕ ਪ੍ਰਭਾਵਸ਼ਾਲੀ ਵਿਅਕਤੀ ਦੇ ਪ੍ਰਭਾਵ ਕਾਰਨ ਇਕ ਆਮ ਕਿਸਾਨ ਵੱਲੋਂ ਸ਼ਹਿਰ ਵਿਚ ਬੈਂਕ ਕੋਲ ਖਰੀਦੇ ਪਲਾਟ ’ਤੇ ਉਸਾਰੀ ਕਰਨ ਤੋਂ ਰੋਕ ਰਹੀ ਹੈ।

ਉਨ੍ਹਾਂ ਕਿਹਾ ਕਿ ਪਿੰਡ ਵਰਪਾਲ ਦੇ ਕਿਸਾਨ ਲਖਵਿੰਦਰ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਨੇ ਬੈਂਕ ਵੱਲੋਂ ਕਰਵਾਈ ਬੋਲੀ ਸਮੇਂ 31 ਲੱਖ ਰੁਪਏ ਦੀ ਕੀਮਤ ਨਾਲ 7 ਅਪਰੈਲ, 2003 ਨੂੰ ਇਕ ਪਲਾਟ ਖ਼ਰੀਦਿਆ ਸੀ, ਜਿਨ੍ਹਾਂ ਨੂੰ ਪਿਛਲੇ 22 ਸਾਲਾ ਤੋਂ ਪਲਾਟ ’ਤੇ ਉਸਾਰੀ ਕਰਨ ਤੋਂ ਲਗਾਤਾਰ ਰੋਕਿਆ ਜਾ ਰਿਹਾ ਹੈ।

Advertisement

ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਵੀ ਉਹ ਉਸਾਰੀ ਕਰਨ ਜਾਂਦੇ ਹਨ ਤਾਂ ਪੁਲੀਸ ਅਜਿਹਾ ਨਹੀਂ ਕਰਨ ਦਿੰਦੀ ਕਿਉਂਕਿ ਬੈਂਕ ਨੇ ਜਿਨ੍ਹਾਂ ਦੇ ਪਲਾਟ ਦੀ ਬੋਲੀ ਕਰਵਾਈ ਹੈ, ਉਹ ਧਿਰ ਪ੍ਰਭਾਵਸ਼ਾਲੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਜਦੋਂ ਉਹ ਆਪਣੇ ਸਕੇ-ਸਬੰਧੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਹਾਜ਼ਰੀ ’ਚ ਪਲਾਟ ਦੀਆਂ ਨੀਂਹ ਭਰਨ ਲੱਗੇ ਤਾਂ ਪੁਲੀਸ ਨੇ ਕੰਮ ਰੁਕਵਾ ਦਿੱਤਾ ਅਤੇ ਉਸਾਰੀ ਦਾ ਸਾਮਾਨ ਕਬਜ਼ੇ ’ਚ ਲੈ ਲਿਆ।

Advertisement

ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਪੀੜਤ ਲਖਵਿੰਦਰ ਸਿੰਘ ਨੂੰ ਆਪਣੇ ਨਾਲ ਥਾਣੇ ਲੈ ਗਈ, ਜਿਸ ਮਗਰੋਂ ਧੱਕੇਸ਼ਾਹੀ ਖ਼ਿਲਾਫ਼ ਪੁਲੀਸ ਥਾਣੇ ਦਾ ਘਿਰਾਓ ਕੀਤਾ ਗਿਆ। ਧਰਨਾਕਾਰੀਆਂ ਨੇ ਚਿਤਾਵਨੀ ਦਿਤੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਇਹ ਧਰਨਾ ਰਾਤ-ਦਿਨ ਚੱਲੇਗਾ। ਪੀੜਤ ਪਰਿਵਾਰ ਨੇ ਕਿਹਾ ਕਿ ਉਹ ਇਹ ਮਾਮਲਾ ਅੰਮ੍ਰਿਤਸਰ ਪੁਲੀਸ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਦੇ ਧਿਆਨ ’ਚ ਲਿਆ ਚੁੱਕੇ ਹਨ।

ਕਿਸਾਨ ਆਗੂਆਂ ਨੇ ਦੱਸਿਆ ਕਿ ਦੇਰ ਸ਼ਾਮ ਪੁਲੀਸ ਅਧਿਕਾਰੀ ਨੇ ਧਰਨੇ ਵਿੱਚ ਪੁੱਜ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਪਲਾਟ ਨਾਲ ਸਬੰਧਿਤ ਰਿਕਾਰਡ ਦੀ ਜਾਂਚ ਕੀਤੀ। ਇਸ ਮਗਰੋਂ ਪੁਲੀਸ ਅਧਿਕਾਰੀ ਸ਼ਿਵਦਰਸ਼ਨ ਸਿੰਘ ਨੇ ਯਕੀਨ ਦਿਵਾਇਆ ਕਿ ਪਰਿਵਾਰ ਨਾਲ ਇਨਸਾਫ਼ ਹੋਵੇਗਾ। ਇਸ ਮਗਰੋਂ ਹਿਰਾਸਤ ਵਿਚ ਰੱਖੇ ਲਖਵਿੰਦਰ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ, ਜਿਸ ਮਗਰੋਂ ਦੇਰ ਸ਼ਾਮ ਨੂੰ ਧਰਨਾ ਸਮਾਪਤ ਕੀਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਪੂਰਨ ਇਨਸਾਫ਼ ਨਾ ਮਿਲਿਆ ਤਾਂ ਉਹ ਦੁਬਾਰਾ ਧਰਨਾ ਲਾਉਣ ਲਈ ਮਜਬੂਰ ਹੋਣਗੇ।

ਧਰਨੇ ਨੂੰ ਔਰਤ ਮੁਕਤੀ ਮੋਰਚਾ ਦੀ ਆਗੂ ਸਰਬਜੀਤ ਕੌਰ, ਕਿਸਾਨ ਸਭਾ ਦੇ ਆਗੂ ਦੇਸਾ ਸਿੰਘ ਭਿੰਡੀ ਔਲਖ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਤੇ ਗੁਰਪਾਲ ਗਿੱਲ ਸੈਦਪੁਰ, ਪ੍ਰੋ. ਮਾਲਕ ਸਿੰਘ, ਚਰਨ ਸਿੰਘ ਭਿੰਡੀ ਔਲਖ, ਪ੍ਰਭਜੋਤ ਸਿੰਘ ਲੋਪੋਕੇ ਅਤੇ ਪੀੜਤਾਂ ਵੱਲੋਂ ਸਵਿੰਦਰ ਸਿੰਘ ਤੇ ਕੁਲਵੰਤ ਕੌਰ ਵੇਰਕਾ, ਵਿਪਨ ਸ਼ਾਹ, ਅਸ਼ੋਕ ਸ਼ਰਮਾ, ਵਿੱਕੀ ਕਸ਼ਮੀਰ ਐਵੀਨਿਊ, ਬਾਂਸਲ ਗ੍ਰੀਨ ਐਵੇਨਿਊ, ਰਵੀ ਰਾਜਪੂਤ, ਰਣਜੀਤ ਸਿੰਘ ਵਰਪਾਲ ਅਤੇ ਕੁਲਵੰਤ ਰਿਸ਼ੀ ਵੇਰਕਾ ਨੇ ਸੰਬੋਧਨ ਕੀਤਾ।

Advertisement
×