ਦਿਲਬਾਗ ਸਿੰਘ ਗਿੱਲ
ਅਟਾਰੀ, 20 ਸਤੰਬਰ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਦਾਤਾਰ ਸਿੰਘ ਦੀ ਅਗਵਾਈ ਹੇਠ ਸਰਹੱਦੀ ਪਿੰਡ ਰਾਣੀਆਂ ਵਿਖੇ ਕਿਸਾਨਾਂ ਦੀ ਮੀਟਿੰਗ ਹੋਈ। ਇਸ ਮੌਕੇ ਸੂਬਾਈ ਪ੍ਰਧਾਨ ਦਾਤਾਰ ਸਿੰਘ, ਧਨਵੰਤ ਸਿੰਘ ਖਤਰਾਏ ਕਲਾਂ ਅਤੇ ਏਰੀਆ ਪ੍ਰਧਾਨ ਰਣਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੋਦੀ ਸਰਕਾਰ ਤੋਂ ਖੇਤੀ ਵਿਰੋਧੀ ਆਰਡੀਨੈਂਸ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਰਾਹੀਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦਾ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਧੱਕੇਸ਼ਾਹੀ ਨਾਲ ਕਬਜ਼ਾ ਕਰਵਾਉਣਗੀਆਂ ਅਤੇ ਖੇਤੀ ਮੰਡੀ ਪ੍ਰਾਈਵੇਟ ਹੱਥਾਂ ‘ਚ ਦੇਣ ਕਰਕੇ ਕਿਸਾਨਾਂ ਦੀ ਵੱਡੇ ਵਪਾਰੀਆਂ ਕੋਲੋਂ ਅੰਨੀ ਲੁੱਟ ਕਰਵਾਈ ਜਾਵੇਗੀ। ਆਗੂਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦਾ ਸੱਦਾ ਲਾਗੂ ਕਰਨ ਅਤੇ 29 ਸਤੰਬਰ ਨੂੰ ਦੇਸ਼ਭਗਤ ਯਾਦਗਾਰ ਹਾਲ ਵਿੱਚ ਏਕਤਾ ਕਨਵੈਨਸ਼ਨ ਦਾ ਫੈਸਲਾ ਕੀਤਾ ਗਿਆ।
ਗੁਰਦਾਸਪੁਰ (ਜਤਿੰਦਰ ਬੈਂਸ): ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਸੰਘਰਸ਼ਸ਼ੀਲ ਕਿਸਾਨ ਜੱਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਨਾਉਣ ਅਤੇ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਨੇ ਗੁਰਦਾਸਪੁਰ ਦੇ ਸਰਹੱਦੀ ਕਸਬਾ ਬਹਿਰਾਮਪੁਰ ਵਿਖੇ ਇਲਾਕੇ ਦੇ ਕਿਸਾਨਾਂ ਦੀ ਇਕੱਤਰਤਾ ਕੀਤੀ।
ਅਜਨਾਲਾ (ਅਸ਼ੋਕ ਕੁਮਾਰ): ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨੀ ਨੂੰ ਤਬਾਹ ਕਰਨ ਵਾਲੇ ਕਿਸਾਨ ਵਿਰੋਧੀ ਬਿੱਲਾਂ ਨੂੰ ਸੰਸਦ ਵਿਚੋਂ ਪਾਸ ਕਰਾਉਣ ਵਿਰੁੱਧ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਵਲੋਂ ਰੋਸ ਵਜੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਸੱਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਦੇ ਕਿਸਾਨਾਂ ਨੇ ਯੂਨੀਅਨਾਂ ਦੇ ਸੂਬਾ ਪ੍ਰਚਾਰ ਸਕੱਤਰ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਅੱਡਾ ਕੁੱਕੜਾਂਵਾਲਾ ਤੋਂ ਲੈ ਕੇ ਰਾਜਾਸਾਂਸੀ ਸ਼ਹਿਰ ਤੇ ਹਵਾਈ ਅੱਡਾ ਰਾਜਾਸਾਂਸੀ ਤਕ ਪੈਦਲ ਮਾਰਚ ਕੀਤਾ।
ਗੜ੍ਹਸ਼ੰਕਰ (ਜੇ.ਬੀ.ਸੇਖੋਂ): ਪਿੰਡ ਜੱਸੋਵਾਲ ਵਿੱਚ ਅੱਜ ਕਾਮਰੇਡ ਦਰਸ਼ਨ ਸਿੰਘ ਮੱਟੂ, ਕਾਮਰੇਡ ਗੁਰਨੇਕ ਸਿੰਘ ਭੱਜਲ ਅਤੇ ਕਾਮਰੇਡ ਤਰਸੇਮ ਜੱਸੋਵਾਲ ਦੀ ਅਗਵਾਈ ਹੇਠ ਅੱਜ ਇਕ ਇਕੱਠ ਹੋਇਆ ਜਿਸ ਮੌਕੇ ਕਮਿਉਨਿਸਟ ਆਗੂਆਂ ਵਲੋਂ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਲੋਕਾਂ ਨੂੰ ਲਾਮਵੰਦ ਕੀਤਾ ਗਿਆ।
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਸੀਪੀਆਈ ਐਮ ਕੇਂਦਰੀ ਕਮੇਟੀ ਦੇ ਸੱਦੇ ’ਤੇ ਪੱਦੀ ਸੂਰਾ ਸਿੰਘ, ਮੋਰਾਂਵਾਲੀ, ਦਦਿਆਲ ਆਦਿ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਤੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ ਗਈ।