Bhindi Saidan farmers protest: ਕਿਸਾਨਾਂ-ਮਜ਼ੂਦਰਾਂ ਵੱਲੋਂ ਥਾਣਾ ਭਿੰਡੀ ਸੈਦਾਂ ਅੱਗੇ ਧਰਨਾ
ਡੀ ਐੱਸ ਪੀ ਨੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ
ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਲਈ ਪੁਲੀਸ ਥਾਣਾ ਭਿੰਡੀ ਸੈਦਾਂ ਦੇ ਬਾਹਰ ਧਰਨਾ ਦਿੰਦਿਆਂ ਪੁਲੀਸ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਦੋਸ਼ ਲਾਇਆ ਕਿ ਸਰਹੱਦੀ ਥਾਣਾ ਭਿੰਡੀ ਸੈਦਾਂ ਦੀ ਪੁਲੀਸ ਵੱਲੋਂ ਭਾਰਤ-ਪਾਕਿ ਸਰਹੱਦ ’ਤੇ ਵਸਦੇ ਪੀੜਤ ਲੋਕਾਂ ਦੇ ਕੇਸਾਂ ਨੂੰ ਲੰਬੇ ਸਮੇਂ ਲਈ ਲਟਕਾਇਆ ਜਾ ਰਿਹਾ ਹੈ ਜਿਸ ਕਾਰਨ ਇਲਾਕੇ ਭਰ ਦੇ ਲੋਕਾਂ ’ਚ ਨਾਰਾਜ਼ਗੀ ਹੈ। ਉਨ੍ਹਾਂ ਕਿਹਾ ਕਿ ਪਿੰਡ ਜਸਰਾਊਰ ਦੇ ਵਸਨੀਕ ਨਿਰੰਜਨ ਸਿੰਘ ਦੀ ਸਵਾ ਚਾਰ ਏਕੜ ਜ਼ਮੀਨ ਨੂੰ ਜਦੋਂ ਨਿਰੰਜਨ ਸਿੰਘ ਤੇ ਉਸ ਦਾ ਪਰਿਵਾਰ ਵਾਹੁਣ ਗਏ ਤਾਂ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰੀ ਬੈਠੇ ਹੋਰ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਇਨ੍ਹਾਂ ’ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਅਜਿਹੇ ਹਾਲਾਤ ਨੂੰ ਦੇਖਦਿਆਂ ਪੁਲੀਸ ਨੇ ਧਾਰਾ 45 ਲਾ ਦਿੱਤੀ ਤਾਂ ਕਿ ਕੋਈ ਵੀ ਇਸ ਜ਼ਮੀਨ ਨੂੰ ਨਾ ਵਾਹ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹਰਪਾਲ ਸਿੰਘ ਦੀ ਸਵਾ ਪੰਜ ਏਕੜ ਜ਼ਮੀਨ ਨੂੰ ਹੜੱਪਣ ਲਈ ਕੁਝ ਲੋਕਾਂ ਨੇ ਜਾਅਲੀ ਅੰਗੂਠਾ ਲਾ ਕੇ ਜਾਅਲੀ ਬਿਆਨਾ ਕਰਵਾ ਲਿਆ ਜਿਨ੍ਹਾਂ ਵਿਰੁੱਧ ਪੁਲੀਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਇਸ ਮੌਕੇ ਡੀ ਐੱਸ ਪੀ ਲੋਪੋਕੇ ਐੱਸ ਐੱਚ ਓ ਜਗਬੀਰ ਸਿੰਘ ਨੂੰ ਨਾਲ ਲੈ ਕੇ ਧਰਨੇ ਵਿੱਚ ਪਹੁੰਚੇ ਤੇ ਆਗੂਆਂ ਨਾਲ ਸਾਰੇ ਕੇਸਾਂ ਉਪਰ ਵਿਚਾਰ-ਵਟਾਂਦਰਾ ਕਰਨ ਉਪਰੰਤ ਵਿਸ਼ਵਾਸ ਦਿਵਾਇਆ ਕਿ ਇਨ੍ਹਾਂ ਕੇਸਾਂ ਵਿੱਚ ਇਨਸਾਫ਼ ਕੀਤਾ ਜਾਵੇਗਾ।

