ਕਾਲਿਆਂਵਾਲਾ ਖੂਹ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ
ਸਮਾਗਮ ’ਚ ਇਤਿਹਾਸਕਾਰ ਸੁਰਿੰਦਰ ਕੋਛੜ ਸ਼ਾਮਲ ਹੋਏ; ਅੰਮ੍ਰਿਤਸਰ ਵਿੱਚ ਕੂਪਰ ਰੋਡ ਦਾ ਨਾਮ ਬਦਲ ਕੇ ਸ਼ਹੀਦਾਂ ਨੂੰੂ ਸਮਰਪਿਤ ਕਰਨ ਦੀ ਮੰਗ
ਰਿਆੜਕੀ ਪਬਲਿਕ ਸਕੂਲ ਤੁਗਲਵਾਲਾ ’ਚ ਸੰਨ 1857 ਦੀ ਆਜ਼ਾਦੀ ਦੀ ਪਹਿਲੀ ਲੜਾਈ ਦੌਰਾਨ ਅਜਨਾਲਾ ਵਿੱਚ ਬੇਰਹਿਮੀ ਨਾਲ ਸ਼ਹੀਦ ਕੀਤੇ ਗਏ 282 ਸ਼ਹੀਦ ਸੈਨਿਕਾਂ ਦੀ ਯਾਦ ’ਚ ਸਮਾਗਮ ਕਰਵਾਇਆ।
ਇੰਟੈਕ ਪੰਜਾਬ ਵੱਲੋਂ ਰਿਆੜਕੀ ਸੰਸਥਾਵਾਂ ਦੇ ਸਹਿਯੋਗ ਨਾਲ ਸਕੂਲ ਦੇ ਡਾ. ਐੱਮ ਐੱਸ ਰੰਧਾਵਾ ਹਾਲ ਵਿੱਚ ਕਰਵਾਇਆ ਸਮਾਗਮ 28 ਫਰਵਰੀ 2014 ਨੂੰ ਕੀਤੀ ਇਤਿਹਾਸਕ ਖੁਦਾਈ ਦੀ 12ਵੀਂ ਵਰੇਗੰਢ ਨੂੰ ਸਮਰਪਿਤ ਸੀ, ਜਿਸ ਦੌਰਾਨ ਉਸ ਖੂਹ ਵਿੱਚੋਂ ਅਸਥੀਆਂ ਬਾਹਰ ਕੱਢੀਆਂ ਗਈਆਂ ਸਨ, ਜਿਸ ਨੂੰ ਅੰਗਰੇਜਾਂ ਨੇ ਅਪਮਾਨਜਨਕ ਢੰਗ ਨਾਲ ‘ਕਾਲਿਆਂਵਾਲਾ ਖੂਹ’ ਕਿਹਾ ਸੀ।
ਸਮਾਗਮ ਵਿੱਚ ਉੱਘੇ ਇਤਿਹਾਸਕਾਰ ਸੁਰਿੰਦਰ ਕੋਛੜ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ, ਜਿਨ੍ਹਾਂ ਦੀ ਖੋਜ ਅਤੇ ਨਿਸ਼ਚੈ ਸਦਕਾ ਇਸ ਸਥਾਨ ਦੀ ਪਛਾਣ ਤੇ ਖੁਦਾਈ ਸੰਭਵ ਹੋਈ। ਸਮਾਗਮ ਦੌਰਾਨ ਵਿਸ਼ੇਸ਼ ਲੈਕਚਰ, ਸੰਨ 1857 ਦੇ ਵਿਦਰੋਹ ਤੇ ਖੂਹ ਦੀ ਮੁੜ-ਖੋਜ ਸਬੰਧੀ ਪ੍ਰਦਰਸ਼ਨੀ ਲਗਾਈ, ਜਿਸ ਵਿੱਚ ਵਿਰਲੇ ਫੋਟੋ, ਦਸਤਾਵੇਜ ਅਤੇ 2014 ਦੀ ਖੁਦਾਈ ਨਾਲ ਜੁੜੇ ਦ੍ਰਿਸ਼ ਪ੍ਰਦਰਸ਼ਿਤ ਕੀਤੇ। ਵਿਦਿਆਰਥੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂਲੈਕਚਰ ਪੇਸ਼ ਕੀਤੇ।
ਇਤਿਹਾਸਕਾਰ ਸੁਰਿੰਦਰ ਕੋਛੜ ਨੇ ਆਪਣੇ ਖੋਜ-ਸਫਰ ਬਾਰੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਅੰਗਰੇਜ਼ ਅਧਿਕਾਰੀ ਫ੍ਰੈਡਰਿਕ ਹੈਨਰੀ ਕੂਪਰ ਦੀ ਪੁਸਤਕ ਵਰਗੇ ਦਸਤਾਵੇਜ਼ਾਂ ਤੋਂ ਸੂਤਰ ਲੱਭੇ, ਗੁਰਦੁਆਰਾ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਅਤੇ ਆਖਿਰਕਾਰ 28 ਫਰਵਰੀ 2014 ਨੂੰ ਖੁਦਾਈ ਕਰਵਾ ਕੇ ਸੈਂਕੜਿਆਂ ਪਿੰਜਰਾਂ, ਖੋਪੜੀਆਂ ਅਤੇ ਹੋਰ ਨਿਸ਼ਾਨੀਆਂ ਬਾਹਰ ਕੱਢੀਆਂ, ਜਿਸ ਨਾਲ 26ਵੀਂ ਬੰਗਾਲ ਨੇਟਿਵ ਇਨਫੈਂਟਰੀ ਦੇ ਸਿਪਾਹੀਆਂ ਦੇ ਕਤਲੇਆਮ ਦੀ ਪੁਸ਼ਟੀ ਹੋਈ।
ਕਿਤਾਬ “ਰਿਵੌਲਟ ਆਫ ਅਜਨਾਲਾ 1857 ਦਿ ਨਰਸੰਹਾਰ” ਦੀ ਲੇਖਿਕਾ ਅਨੀਤਾ ਸਰੀਨ ਨੇ ਵੀ ਸੰਬੋਧਨ ਕੀਤਾ। ਕਾਲਜ ਤੁਗਲਵਾਲਾ ਦੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਸ੍ਰੀ ਕੋਛੜ ਦੀ ਖੋਜ ਨੂੰ ਕੌਮੀ ਪੱਧਰ ਦੀ ਅਹਿਮ ਉਪਲਬਧੀ ਕਰਾਰ ਦਿੱਤਾ।
ਮੇਜਰ ਜਨਰਲ ਬਲਵਿੰਦਰ ਸਿੰਘ (ਰਿਟਾ.), ਵੀ.ਐਸ.ਐਮ., ਕਨਵੀਨਰ ਇੰਟੈਕ ਪੰਜਾਬ ਨੇ ਕਿਹਾ ਕਿ 1857 ਦੀ ਲੜਾਈ ਵਿੱਚ ਪੰਜਾਬ ਦੀ ਭੂਮਿਕਾ ਮਹੱਤਵਪੂਰਨ ਰਹੀ ਹੈ ਅਤੇ ਦੇਸ ਇਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲ ਸਕਦਾ।
ਇੰਟੈਕ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ ਨੇ ਸਰਕਾਰ ਤੋਂ ਮੰਗ ਕੀਤੀ ਕਿ ਅੰਮ੍ਰਿਤਸਰ ਦੀ ਕੂਪਰ ਰੋਡ ਦਾ ਨਾਮ ਬਦਲ ਕੇ ਇਸ ਨੂੰ 282 ਸ਼ਹੀਦ ਸੈਨਿਕਾਂ ਨੂੰ ਸਮਰਪਿਤ ਕੀਤਾ ਜਾਵੇ, ਤਾਂ ਜੋ ਜਨਤਕ ਥਾਵਾਂ ‘ਤੇ ਕੌਲੋਨੀਆਈ ਅਧਿਕਾਰੀਆਂ ਦੀ ਬਜਾਏ ਸ਼ਹੀਦਾਂ ਦੀ ਯਾਦ ਨੂੰ ਸਨਮਾਨ ਮਿਲੇ।

