Shiv Kumar Batalvi ਦੀ ਬਰਸੀ ਨੂੰ ਸਮਰਪਿਤ ਸਮਾਗਮ
ਅੌਜਲਾ ਬ੍ਰਦਰਜ਼ ਨੇ ਗੀਤਾਂ ਰਾਹੀਂ ਬਟਾਲਵੀ ਦੀ ਯਾਦ ਤਾਜ਼ਾ ਕੀਤੀ; ਬੱਚਿਆਂ ਨੇ ਰਚਨਾਵਾਂ ਪੇਸ਼ ਕੀਤੀਆਂ
ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸੱਭਿਆਚਾਰ ਸੁਸਾਇਟੀ ਵੱਲੋਂ ਪੰਜਾਬੀ ਦੇ ਮਹਾਨ ਸ਼ਾਇਰ, ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਦੀ 53ਵੀਂ ਬਰਸੀ ਸਥਾਨਕ ਸ਼ਿਵ ਆਡੀਟੋਰੀਅਮ ਵਿੱਚ ਮਨਾਈ ਗਈ। ਇਸ ਮੌਕੇ ਕਵੀ ਦਰਬਾਰ ਅਤੇ ਸ਼ਿਵ ਦੀ ਸ਼ਾਇਰੀ ਦਾ ਗਾਇਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਮੁੱਖ ਮਹਿਮਾਨ ਵਜੋਂ ਪਹੁੰਚੇ। ਵਿਸ਼ੇਸ਼ ਮਹਿਮਾਨ ਵਜੋਂ ਸੁੱਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿੱਚ ਸੁੁਸਾਇਟੀ ਦੇ ਪ੍ਰਧਾਨ ਵਿਜੇ ਸੋਨੀ ਵੱਲੋਂ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ। ਇਸ ਦੌਰਾਨ ਵੱਖ-ਵੱਖ ਸਕੂਲ ਦੇ ਬੱਚਿਆਂ ਨੇ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਨੂੰ ਸਮਰਪਿਤ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਸ਼ਿਵ ਬਟਾਲਵੀ, ਬਟਾਲਾ ਸ਼ਹਿਰ ਦਾ ਮਾਣ ਹਨ, ਜਿਨ੍ਹਾਂ ਆਪਣੀ ਕਲਾ ਦਾ ਲੋਹਾ ਸਾਰੀ ਦੁਨੀਆਂ ਵਿੱਚ ਮਨਵਾਇਆ। ਉਨ੍ਹਾਂ ਕਿਹਾ ਕਿ ਸ਼ਿਵ ਬਟਾਲਵੀ ਦੀ ਯਾਦ ਵਿੱਚ ਜਲਦੀ ਦੋ ਰੋਜ਼ਾ ਵੱਡੇ ਪੱਧਰ ’ਤੇ ਸਮਾਗਮ ਕਰਵਾਏ ਜਾਣਗੇ। ਪਹਿਲੇ ਦਿਨ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ ਦੂਜੇ ਦਿਨ ਸ਼ਿਵ ਬਟਾਲਵੀ ਦੀ ਸ਼ਾਮ ਪ੍ਰੋਗਰਾਮ ਵਿੱਚ ਨਾਮਵਰ ਪੰਜਾਬੀ ਗਾਇਕ ਆਪਣੀ ਕਲਾ ਦੇ ਜੌਹਰ ਵਿਖਾਉਣਗੇ। ਉਨ੍ਹਾਂ ਦੱਸਿਆ ਕਿ ਸ਼ਿਵ ਕੁਮਾਰ ਦੀ ਯਾਦ ਵਿੱਚ ਐਵਾਰਡ ਵੀ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਔਜਲਾ ਬ੍ਰਦਰਜ਼ ਵੱਲੋਂ ਆਪਣੀ ਆਵਾਜ਼ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਯਾਦ ਕੀਤਾ ਗਿਆ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਵੱਲੋਂ ਉੱਘੇ ਲੇਖਕ ਡਾ. ਅਨੂਪ ਸਿੰਘ ਵੱਲੋਂ ਲਿਖੀਆਂ ਦੋ ਕਿਤਾਬਾਂ ‘ਹੁਣ’ ਅਤੇ ‘ਭਾਰਤੀ ਵਿਕਾਸ ਦਾ ਕੱਚ ਸੱਚ’ ਰਿਲੀਜ਼ ਕੀਤੀਆਂ ਗਈਆਂ। ਸਮਾਗਮ ਵਿੱਚ ਚੇਅਰਮੈਨ ਯਸ਼ਪਾਲ ਚੌਹਾਨ, ਰਾਜੀਵ ਬਟਾਲਵੀ, ਡਾ. ਸਤਨਾਮ ਸਿੰਘ ਨਿੱਜਰ, ਨਵਦੀਪ ਸਿੰਘ ਹਾਜ਼ਰ ਸਨ।
ਪਠਾਨਕੋਟ (ਪੱਤਰ ਪ੍ਰੇਰਕ): ਸਾਹਿਤ ਸੰਵਾਦ ਸੰਸਥਾ ਵੱਲੋਂ ਸਥਾਨਕ ਏ ਬੀ ਕਾਲਜ ਵਿੱਚ ਬਿਰਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਦੀ ਬਰਸੀ ਮੌਕੇ ਸਮਾਗਮ ਕੀਤਾ ਗਿਆ। ਇਸ ਵਿੱਚ ਪ੍ਰਧਾਨ ਡਾ. ਮਨੂ ਸ਼ਰਮਾ ਮੁੱਖ ਬੁਲਾਰੇ ਵੱਜੋਂ ਸ਼ਾਮਲ ਹੋਏ। ਜਦ ਕਿ ਪ੍ਰਿੰਸੀਪਲ ਵਿਜੈ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੁੱਖ ਬੁਲਾਰੇ ਡਾ. ਮਨੂ ਸ਼ਰਮਾ ਨੇ ਦੱਸਿਆ ਕਿ ਸ਼ਿਵ ਕੁਮਾਰ ਬਟਾਲਵੀ ਦਾ ਦੇਹਾਂਤ 6 ਮਈ 1973 ਨੂੰ 36 ਸਾਲ ਦੀ ਉਮਰ ਵਿੱਚ ਹੀ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਕੀੜੀਆਂ ਮੰਗਿਆਲ ਆਪਣੇ ਸਹੁਰੇ ਘਰ ਵਿੱਚ ਹੋਇਆ ਸੀ। ਤਿੰਨ ਵਿਦਿਆਰਥੀਆਂ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਰਚਨਾਵਾਂ ਪੇਸ਼ ਕੀਤੀਆਂ। ਪ੍ਰਿੰਸੀਪਲ ਵਿਜੈ ਸ਼ਰਮਾ ਨੇ ਕਿਹਾ ਕਿ ਸ਼ਿਵ ਕੁਮਾਰ ਬਟਾਲਵੀ ਨੂੰ 1967 ਵਿੱਚ ਉਨ੍ਹਾਂ ਦੀ ਰਚਨਾ ‘ਲੂਣਾ’ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ।

