ਸਿੰਜਾਈ ਵਿਭਾਗ ਡਿਵੀਜ਼ਨ ਗੁਰਦਾਸਪੁਰ, ਸਬ-ਡਵੀਜ਼ਨ ਮਾਧੋਪੁਰ ਹੈੱਡ ਵਰਕਸ, ਤਿੱਬੜੀ, ਸਠਿਆਲੀ, ਅਮੀਪੁਰ ਤੋਂ ਤਬਦੀਲ ਕੀਤੇ ਮੁਲਾਜ਼ਮਾਂ ਦੇ ਹੁਕਮ ਰੱਦ ਕਰਵਾਉਣ ਨੂੰ ਲੈ ਕੇ, ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਵਫ਼ਦ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮਿਲ ਕੇ ਮੰਗ ਪੱਤਰ ਦਿੱਤਾ। ਵਫਦ ਵਿੱਚ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ, ਜਨਰਲ ਸਕੱਤਰ ਰਾਜਿੰਦਰ ਕੁਮਾਰ, ਚੇਅਰਮੈਨ ਹਰਪਾਲ ਸਿੰਘ, ਮਹਿੰਦਰ ਕੁਮਾਰ, ਰਾਜਿੰਦਰ ਧੀਮਾਨ, ਨੇਕ ਰਾਜ, ਪ੍ਰੇਮ ਕੁਮਾਰ, ਮਨੋਹਰ ਲਾਲ, ਅਸ਼ੋਕ ਕੁਮਾਰ, ਰਾਜੇਸ਼ ਲਵਲੀ, ਸਰਬਜੀਤ ਸਿੰਘ ਸਾਬਾ ਅਤੇ ਨਰਿੰਦਰ ਕੁਮਾਰ ਸ਼ਾਮਲ ਸਨ।
ਵਫ਼ਦ ਆਗੂਆਂ ਨੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਦੱਸਿਆ ਕਿ ਪਿਛਲੇ ਸਾਲ ਆਏ ਹੜ੍ਹਾਂ ਨੇ ਮਾਧੋਪੁਰ ਅਤੇ ਗੁਰਦਾਸਪੁਰ ਵਿੱਚ ਕਾਫ਼ੀ ਨੁਕਸਾਨ ਪਹੁੰਚਾਇਆ ਸੀ, ਉਸ ਵੇਲੇ ਸਟਾਫ ਦੀ ਘਾਟ ਦੇ ਬਾਵਜੂਦ, ਮੁਲਾਜ਼ਮਾਂ ਨੇ ਅਣਥੱਕ ਕੰਮ ਕੀਤਾ ਪਰ ਉਨ੍ਹਾਂ ਨੂੰ ਇਨਾਮ ਤਾਂ ਕੀ ਦੇਣਾ ਸੀ ਉਲਟਾ ਉਨ੍ਹਾਂ ਦੀਆਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ। ਇੱਥੋਂ ਤੱਕ ਕਿ ਅਪਾਹਜ ਕਰਮਚਾਰੀਆਂ ਨੂੰ ਵੀ ਬਖਸ਼ਿਆ ਨਹੀਂ ਗਿਆ। ਉਨ੍ਹਾਂ ਮੰਗ ਕੀਤੀ ਕਿ ਇਹ ਬਦਲੀਆਂ ਰੱਦ ਕੀਤੀਆਂ ਜਾਣ।

