ਮੋਦੀ ਦੇ ਪੁਤਲੇ ਫੂਕ ਕੇ ਰੋਜ਼ ਮਨਾਇਆ ਜਾਂਦੈ ਦਸਹਿਰਾ

ਮੋਦੀ ਦੇ ਪੁਤਲੇ ਫੂਕ ਕੇ ਰੋਜ਼ ਮਨਾਇਆ ਜਾਂਦੈ ਦਸਹਿਰਾ

ਚੌਲਾਂਗ ਟੌਲ ਪਲਾਜ਼ਾ ’ਤੇ ਮੋਦੀ ਸਰਕਾਰ ਅਤੇ ਉਸ ਦੇ ਕਾਰਪੋਰੇਟ ਸਾਥੀਆਂ ਦੇ ਪੁਤਲੇ ਫੂਕਦੇ ਕਿਸਾਨ। -ਫੋਟੋ: ਗੁਰਾਇਆ

ਮਨਮੋਹਨ ਸਿੰਘ ਢਿੱਲੋਂ

ਅੰਮ੍ਰਿਤਸਰ, 24 ਅਕਤੂਬਰ

ਅੱਜ 30 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦੇ ਖਿਲਾਫ ਚੱਲ ਰਹੇ ਸਾਂਝੇ ਸੰਘਰਸ਼ ਦੀ ਲੜੀ ਵਿਚ ‘ਮਾਲ ਆਫ ਅੰਮ੍ਰਿਤਸਰ’ ਦੇ ਬਾਹਰ ਲੱਗਾ ਧਰਨਾ ਅੱਠਵੇਂ ਦਿਨ ਵੀ ਜਾਰੀ ਰਿਹਾ। ਇਸ ਧਰਨੇ ਦੀ ਅਗਵਾਈ ਕਰ ਰਹੇ ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਧਰਨੇ ਨੂੰ ਹਰ ਵਰਗ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਰਾਗੀ ਬਿਕਰਮਜੀਤ ਸਿੰਘ, ਰਾਗੀ ਜਸਵੰਤ ਸਿੰਘ ਲੁਧਿਆਣਾ , ਚਰਨਜੀਤ ਸਿੰਘ ਪ੍ਰਧਾਨ ਸਬਜ਼ੀ ਮੰਡੀ , ਜਤਿੰਦਰ ਖੁਰਾਣਾ ਸਕੱਤਰ ਸਬਜ਼ੀ ਮੰਡੀ, ਪ੍ਰੈਸ ਸਕੱਤਰ ਸਬਜੀ ਮੰਡੀ ਬਿੱਲਾ ਨਿਜਾਮਪੁਰਾ, ਸੁਖਦੇਵ ਸਿੰਘ ਜੌਹਲ ਸਬਜ਼ੀ ਮੰਡੀ, ਫੌਜੀ ਸਾਹਿਬ ਪ੍ਰਧਾਨ ਮਜਦੂਰ ਯੂਨੀਅਨ ਵੱਲਾ ਸਬਜ਼ੀ ਮੰਡੀ ਨੇ ਵਿਸ਼ਵਾਸ ਦਿਵਾਇਆ ਕਿ ਉਹ ਤਨ-ਮਨ-ਧਨ ਨਾਲ ਕਿਸਾਨਾਂ-ਮਜ਼ਦੂਰਾਂ ਦਾ 24 ਘੰਟੇ ਸਾਥ ਦੇਣਗੇ।

ਗੁਰਦਾਸਪੁਰ (ਜਤਿੰਦਰ ਬੈਂਸ ): ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖਿਲਾਫ਼ ਗੁਰਦਾਸਪੁਰ ਵਿੱਚ ਚੱਲ ਰਿਹਾ ਕਿਸਾਨਾਂ ਦਾ ਧਰਨਾ ਅੱਜ 24ਵੇਂ ਦਿਨ ਵਿੱਚ ਦਾਖ਼ਲ ਹੋ ਗਿਆ। ਆਗੂਆਂ ਨੇ ਕਿਹਾ ਕਿ ਮੋਦੀ ਕਿਸਾਨਾਂ ਨੂੰ ਦਲਾਲ ਤੇ ਵਿਚੋਲੇ ਆਖ ਕੇ ਅਡਾਨੀ ਅਤੇ ਅਦਾਨੀਆਂ ਤੇ ਹੋਰ ਅਮੀਰ ਅਜਾਰੇਦਾਰ ਘਰਾਣਿਆਂ ਦਾ ਗ਼ੁਲਾਮ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਮੋਦੀ ਦੀ ਇਸ ਚਾਲ ਨੂੰ ਪੰਜਾਬ ਦੇ ਕਿਸਾਨ ਕਿਸੇ ਸੂਰਤ ਵਿਚ ਸਫਲ ਨਹੀਂ ਹੋਣ ਦੇਣਗੇ।

ਫਤਹਿਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਦਸਹਿਰੇ ਮੌਕੇ ਕਾਰਪੋਰੇਟ ਘਰਾਣੇ,ਵਿਦੇਸ਼ੀ ਕੰਪਨੀਆਂ ਅਤੇ ਬੀਜੇਪੀ ਦੀ ਤਿਕੜੀ ਦੇ ਦਿਓ ਕੱਦ ਬੁੱਤਾਂ ਨੂੰ ਸਾੜਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਫਤਹਿਗੜ੍ਹ ਚੂੜੀਆਂ ਦੇ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਵਿਚ ਝੰਡਾ ਮਾਰਚ ਕੀਤਾ ਗਿਆ। ਇਸ ਮੌਕੇ ਕਿਸਾਨ,ਮਜ਼ਦੂਰ ਅਤੇ ਦੁਕਾਨਦਾਰਾਂ ਨੂੰ ਪਰਿਵਾਰਾਂ ਸਮੇਤ ਕੱਥੂਨੰਗਲ ਟੋਲ ਪਲਾਜ਼ਾ ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ। ਝੰਡਾ ਮਾਰਚ ਕਰਦੇ ਸਮੇਂ ਪਿੰਡ ਖੋਦੇ ਬੇਟ ਦੇ ਕਰਨਾਲ ਸੀਡ ਸਟੋਰ ਦੇ ਮਾਲਕ ਲੱਕੀ ਢਿੱਲੋਂ ਵੱਲੋਂ ਕਿਸਾਨ ਆਗੂਆਂ ਨਾਲ ਦੁਰਵਿਵਹਾਰ ਕੀਤਾ ਗਿਆ। ਇਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਕੁਝ ਸਮੇਂ ਲਈ ਰੋਡ ਜਾਮ ਕਰਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਦੇ ਬੀਜਾਂ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਿਸਾਨ ਆਗੂ ਗੁਰਬਚਨ ਸਿੰਘ, ਚਮਕੌਰ ਸਿੰਘ, ਲਵਪ੍ਰੀਤ ਸਿੰਘ, ਜਸਮੀਤ ਸਿੰਘ ਹਾਜ਼ਰ ਸਨ।

ਦਸਹਿਰੇ ਮੌਕੇ ਪੁਲੀਸ ਮੁਸਤੈਦ

ਜਲੰਧਰ (ਪਾਲ ਸਿੰਘ ਨੌਲੀ): ਦਸਹਿਰਾ ਅਤੇ ਆਉਣ ਵਾਲੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਅੱਜ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਗੁਰਮੀਤ ਸਿੰਘ ਦੀ ਅਗਵਾਈ ਵਾਲੀਆਂ ਵਿਸ਼ੇਸ਼ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸ੍ਰੀ ਭੁੱਲਰ ਨੇ ਦੱਸਿਆ ਕਿ 1500 ਦੇ ਕਰੀਬ ਪੁਲੀਸ ਅਧਿਕਾਰੀਆਂ ਤੇ ਕਰਮੀਆਂ ਨੂੰ ਸ਼ਹਿਰ ਵਿੱਚ ਸੁਰੱਖਿਆ ’ਤੇ ਨਜ਼ਰ ਰੱਖਣ ਲਈ ਤਾਇਨਾਤ ਕੀਤਾ ਗਿਆ ਹੈ ਅਤੇ ਸਾਦੇ ਕੱਪੜਿਆਂ ਵਿੱਚ ਪੁਲੀਸ ਕਰਮੀਆਂ ਨੂੰ ਵੱਖ-ਵੱਖ ਸਥਾਨਾਂ ’ਤੇ ਲਗਾਇਆ ਗਿਆ ਹੈ। ਊਨ੍ਹਾਂ ਦੱਸਿਆ ਕਿ ਟਰੈਫ਼ਿਕ ਪੁਲੀਸ ਨੂੰ ਵੀ ਟਰੈਫਿਕ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਮੋਦੀ ਅਤੇ ਅਡਾਨੀ-ਅੰਬਾਨੀਆਂ ਦੇ ਪੁਤਲੇ ਫੂਕੇ

ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਨੇ ਅੱਜ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਚੌਲਾਂਗ ਟੌਲ ਪਲਾਜ਼ਾ ’ਤੇ ਲਾਏ ਧਰਨੇ ਦੇ 20ਵੇਂ ਦਿਨ ਦੋਆਬਾ ਕਿਸਾਨ ਕਮੇਟੀ ਦੀ ਅਗਵਾਈ ਵਿੱਚ ਵਿੱਢੇ ਹੋਏ ਸੰਘਰਸ਼ ਦੌਰਾਨ ਮੋਦੀ ਸਰਕਾਰ ਅਤੇ ਉਸ ਦੇ ਕਾਰਪੋਰੇਟ ਸਾਥੀਆਂ ਅਡਾਨੀ ਅੰਬਾਨੀਆਂ ਦੇ ਪੁਤਲੇ ਫੂਕੇ। ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਮਰਜੀਤ ਸਿੰਘ ਸੰਧੂ, ਰਣਜੀਤ ਸਿੰਘ ਬਾਜਵਾ, ਹਰਦੀਪ ਖੁੱਡਾ, ਮਨਜੀਤ ਸਿੰਘ ਖਾਲਸਾ ਮੌਜੂਦ ਸਨ।

ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ

ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਕਿਰਤੀ ਕਿਸਾਨ ਯੂਨੀਅਨ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਮੀਟਿੰਗ ਸਾਥੀ ਸਰਬਜੀਤ ਸਿੰਘ ਭਿੱਟੇਵੱਡ ਯਾਦਗਾਰੀ ਹਾਲ ਹਰਸ਼ਾ ਛੀਨਾਂ/ਕੁੱਕੜਾਂਵਾਲਾ ਵਿੱਚ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਦਾਤਾਰ ਸਿੰਘ ਨੇ ਕਿਹਾ ਕਿ ਸਭ ਕਿਸਾਨਾਂ ਨੂੰ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਮੀਟਿੰਗ ਉਪਰੰਤ ਕਿਸਾਨਾਂ ਵੱਲੋਂ ਰੋਸ ਮੁਜ਼ਾਹਰਾ ਕਰਦਿਆਂ ਆਵਾਜਾਈ ਰੋਕ ਕੇ ਰਾਵਣ ਦੀ ਥਾਂ ਮੋਦੀ ਦਾ ਪੁਤਲਾ ਫੂਕਿਆ ਗਿਆ।

ਅੱਜ ਫੂਕੇ ਜਾਣਗੇ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ

ਸ਼ਾਹਕੋਟ (ਗੁਰਮੀਤ ਸਿੰਘ ਖੋਸਲਾ): ਖੇਤੀ ਬਿੱਲਾਂ ਅਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ ਇਲਾਕੇ ਦੇ ਕਿਸਾਨ,ਮਜ਼ਦੂਰ,ਅਧਿਆਪਕ,ਬਿਜਲੀ ਕਾਂਮੇ ਅਤੇ ਤਰਕਸ਼ੀਲ ਕਾਰਕੁੰਨ 25 ਅਕਤੂਬਰ ਨੂੰ ਮੱਲੀਆਂ ਕਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੰਬਾਨੀ ਤੇ ਅੰਡਾਨੀ ਸਮੇਤ ਸਮੂਹ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜੀ ਤਾਕਤਾਂ ਦੇ ਸਮੂਹਿਕ ਰੂਪ ’ਚ ਪੁਤਲੇ ਫੂਕਣਗੇ। ਇਹ ਜਾਣਕਾਰੀ ਬੀਕੇਯੂ ( ਏਕਤਾ-ਉਗਰਾਹਾਂ) ਦੀ ਇਲਾਕਾ ਕਮੇਟੀ ਨਕੋਦਰ ਦੇ ਕਨਵੀਨਰ ਮੋਹਨ ਸਿੰਘ ਬੱਲ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਪੰਜਾਬ ਵਿੱਚ ਰੇਲ ਗੱਡੀਆਂ ਦੀ ਆਵਾਜਾਈ ਸ਼ੁਰੂ

ਬਣਾਂਵਾਲਾ ਤਾਪ ਘਰ ਵਿੱਚ ਪੁੱਜੀ ਕੋਲੇ ਵਾਲੀ ਗੱਡੀ, ਅੰਮ੍ਰਿਤਸਰ ਤੋਂ ਹਰਿ...

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕਰੋਨਾ: ਸੁਪਰੀਮ ਕੋਰਟ ਵੱਲੋਂ ਦਿੱਲੀ ਤੇ ਗੁਜਰਾਤ ਸਰਕਾਰ ਦੀ ਖਿਚਾਈ

ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸੂਬਾ ਸਰਕਾਰਾਂ ਤੋਂ ਵੀਰਵਾਰ ਤੱਕ ਸਟੇਟਸ ਰਿ...

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਕੱਟੜਾ-ਦਿੱਲੀ ਐਕਸਪ੍ਰੈੱਸਵੇਅ ਰੋਡ ਪ੍ਰਾਜੈਕਟ 2023 ’ਚ ਪੂਰਾ ਹੋਵੇਗਾ: ਜਿਤੇਂਦਰ ਸਿੰਘ

ਅੰਮ੍ਰਿਤਸਰ ਤੇ ਕੱਟੜਾ ਵਿਚਾਲੇ ਸੰਪਰਕ ਬਣਨ ਨਾਲ ਸੈਰ ਸਪਾਟੇ ਨੂੰ ਮਿਲੇਗਾ...

ਸ਼ਹਿਰ

View All