ਪੱਤਰ ਪ੍ਰੇਰਕ
ਅੰਮ੍ਰਿਤਸਰ, 14 ਅਪਰੈਲ
ਡਾ. ਭੀਮ ਰਾਓ ਅੰਬੇਦਕਰ ਦੀ 130ਵੀਂ ਜੈਅੰਤੀ ਮੌਕੇ ਟਾਊਨ ਹਾਲ ਨੇੜੇ ਬਾਬਾ ਸਾਹਿਬ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਅਰਪਣ ਕਰਦੇ ਹੋਏ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਦੇਸ਼ ਨੂੰ ਦਿੱਤੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਬਾਬਾ ਸਾਹਿਬ ਵਲੋਂ ਪਾਏ ਪੂਰਨਿਆਂ ’ਤੇ ਚੱਲੀਏ ਅਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਵਿਧਾਨ ਦੀ ਰੱਖਿਆ ਕਰੀਏ। ਸ੍ਰੀ ਸੋਨੀ ਨੇ ਕਿਹਾ ਕਿ ਸਰਕਾਰ ਵਲੋਂ ਦਲਿਤ ਕੋਟੇ ਦੀਆਂ ਸਾਰੀਆਂ ਖਾਲੀ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਅਨੁਸੂਚਿਤ ਜਾਤੀਆਂ ਅਤੇ ਹੋਰ ਗਰੀਬ ਤਬਕਿਆਂ ਦੀ ਆਬਾਦੀ ਜਿਥੇ ਇਸ ਸਮੇਂ ਕੋਈ ਸੰਪਰਕ ਸੜਕ ਨਹੀਂ ਹੈ, ਲਈ ਨਵੇਂ ਲਿੰਕ ਰੋਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ 12ਵੀਂ ਜਮਾਤ ਦੇ ਸਾਰੇ ਐੱਸਸੀ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੀ ਦਿੱਤੇ ਜਾਣਗੇ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਗਜ਼ਟਿਡ ਤੇ ਨਾਨ ਗਜ਼ਟਿਡ ਐੱਸਸੀਬੀਸੀ ਐਂਪਲਾਈਜ਼ ਵੈਲਫ਼ੇਅਰ ਫ਼ੈਡਰੇਸ਼ਨ ਵੱਲੋਂ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਤੇ ਜ਼ਿਲ੍ਹਾ ਪ੍ਰਧਾਨ ਡਾ. ਜਸਵੰਤ ਰਾਏ ਦੀ ਅਗਵਾਈ ਹੇਠ ਮਿੰਨੀ ਸਕੱਤਰੇਤ ’ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਫੁੱਲ ਮਾਲਾ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਉਥੇ ਹੀ ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ ਹੇਠ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ ਗਈ। ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ ਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਨ ਸੂਦ ਵੀ ਮੌਜੂਦ ਸਨ।
ਦਸੂਹਾ (ਪੱਤਰ ਪ੍ਰੇਰਕ): ਇਥੇ ਗਜ਼ਟਿਡ ਤੇ ਨਾਨ-ਗਜ਼ਟਿਡ ਐੱਸਸੀਬੀਸੀ ਐਂਪਲਾਈਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਵੱਲੋਂ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਦੀ ਅਗਵਾਈ ਹੇਠ ਬਾਬਾ ਸਾਹਿਬ ਡਾ. ਭੀਮ ਰਾੳ ਅੰਬੇਡਕਰ ਦੇ 121ਵੇਂ ਜਨਮ-ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।
ਫਗਵਾੜਾ (ਪੱਤਰ ਪ੍ਰੇਰਕ): ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਭਾਰਤ ਰਤਨ ਡਾ. ਬੀਆਰ ਅੰਬੇਡਕਰ ਵੱਲੋਂ ਸੰਵਿਧਾਨ ਰਾਹੀਂ ਦਿੱਤਾ ਗਿਆ ਬਰਾਬਰੀ ਤੇ ਭਾਈਚਾਰਕ ਏਕਤਾ ਦਾ ਸੁਨੇਹਾ ਵਰਤਮਾਨ ਸਮੇਂ ਸਭ ਤੋਂ ਵੱਧ ਅਹਿਮੀਅਤ ਰੱਖਦਾ ਹੈ ਤਾਂ ਹੀ ਦੇਸ਼ ਦੇ ਦੱਬੇ ਕੁਚਲੇ ਲੋਕਾਂ ਦਾ ਵਿਕਾਸ ਕਰਕੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਸ਼੍ਰੇਣੀ ’ਚ ਲਿਆਂਦਾ ਜਾ ਸਕਦਾ ਹੈ।
ਕਪੂਰਥਲਾ (ਨਿੱਜੀ ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਕਿਹਾ ਹੈ ਕਿ ਭਾਰਤ ਰਤਨ ਡਾ. ਬੀਆਰ ਅੰਬੇਡਕਰ ਵਲੋਂ ਸਾਨੂੰ ਸੰਵਿਧਾਨ ਦੀ ਦੇਣ ਕਾਰਨ ਹੀ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਬਿਨਾਂ ਕਿਸੇ ਭੇਦਭਾਵ ਤੇ ਵਿਤਕਰੇ ਤੋਂ ਵਿਚਰ ਰਹੇ ਹਾਂ।
ਤਰਨ ਤਾਰਨ (ਪੱਤਰ ਪ੍ਰੇਰਕ): ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਆਗਮਨ ਦਿਵਸ ਮੌਕੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੰਦਰ ਵਰਚੂਅਲ ਮਾਧਿਅਮ ਰਾਹੀਂ ਮੁੱਖ ਮੰਤਰੀ ਕੈਪਸ਼ਨ ਅਮਰਿੰਦਰ ਸਿੰਘ ਅਗਵਾਈ ਵਿੱਚ ਇਕ ਸਮਾਗਮ ਕੀਤਾ ਗਿਆ| ਇਸ ਮੌਕੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਅਧਿਕਾਰੀਆਂ ਵਲੋਂ ਡਾ. ਅੰਬੇਡਕਰ ਦੇ ਬੁੱਤ ’ਤੇ ਫੁੱਲ ਮਾਲਾਵਾਂ ਅਰਪਿਤ ਕੀਤੀਆਂ|
ਆਦਮਪੁਰ ਦੋਆਬਾ (ਪੱਤਰ ਪ੍ਰੇਰਕ): ਬਾਬਾ ਸਾਹਿਬ ਨੂੰ ਸਮਰਪਿਤ ਕਸਬਾ ਅਲਾਵਲਪੁਰ ਵਿੱਚ ਡਾ. ਬੀਆਰ ਅੰਬੇਡਕਰ ਸਪੋਰਟਸ ਕਲੱਬ ਅਲਾਵਲਪੁਰ ਵੱਲੋਂ ਦੋ ਰੋਜ਼ਾ 8ਵਾਂ ਸ਼ਾਨਦਾਰ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦਾ ਉਦਘਾਟਨ ਕਲੱਬ ਚੇਅਰਮੈਨ ਮਹਿੰਦਰ ਕੁਮਾਰ ਸਾਬਕਾ ਕਾਨੂੰਨਗੋ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਟੂਰਨਾਮੈਂਟ ਦਾ ਉਦਘਾਟਨੀ ਮੈਚ ਕਰਤਾਰਪੁਰ ਅਤੇ ਮਹਿਮਦਪੁਰ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਪਲੰਟੀਆਂ ਦੇ ਨਾਲ ਕਰਤਾਰਪੁਰ ਜੇਤੂ ਰਿਹਾ। ਦੂਸਰੇ ਮੈਚ ਵਿੱਚ ਨੂਰਪੁਰ ਨੂੰ ਹਰਾ ਕੇ ਮਹਿਮਦਪੁਰ ਦੀ ਟੀਮ ਜੇਤੂ ਰਹੀ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸੁਖਬੀਰ ਸਿੰਘ ਢਿੱਲੋਂ, ਕਲੱਬ ਪ੍ਰਧਾਨ ਜੋਗਿੰਦਰ ਪਾਲ ਆਦਿ ਮੌਜੂਦ ਸਨ।
ਬਲਾਚੌਰ (ਪੱਤਰ ਪ੍ਰੇਰਕ): ਡਾ. ਬੀਆਰ ਅੰਬੇਡਕਰ ਦੇ 130ਵੇਂ ਜਨਮ ਦਿਨ ਨੂੰ ਗਜ਼ਟਿਡ ਅਤੇ ਨਾਨ ਗਜ਼ਟਿਡ ਐਸਸੀ/ ਬੀਸੀ ਵੈਲਫ਼ੇਅਰ ਫੈਡਰੇਸ਼ਨ ਪੰਜਾਬ ਦੀ ਇਕਾਈ ਬਲਾਚੌਰ ਵੱਲੋਂ ਖ਼ਾਲਸਾ ਹਾਈ ਸਕੂਲ ਮਹਿੰਦੀਪੁਰ ਵਿਖੇ ਸ਼ਰਧਾਪੂਰਵਕ ਮਨਾਇਆ ਗਿਆ।
ਅਟਾਰੀ (ਪੱਤਰ ਪ੍ਰੇਰਕ): ਲੋਕ ਭਲਾਈ ਮੰਚ ਪੰਜਾਬ ਵੱਲੋਂ ਭਾਰਤ ਰਤਨ ਡਾ. ਬੀਆਰ ਅੰਬੇਦਕਰ ਜੀ ਦਾ 130ਵਾਂ ਜਨਮ ਦਿਵਸ ਸੈਮੀਨਾਰ ਕਰਕੇ ਕੱਚੀ ਮਿੱਟੀ ਰੋਡ, ਏਕਤਾ ਨਗਰ ਢਪਈ ਵਿਖੇ ਮਨਾਇਆ ਗਿਆ। ਮੰਚ ਦਾ ਸੰਚਾਲਨ ਬਲਬੀਰ ਸਿੰਘ ਝਾਮਕਾ ਨੇ ਨਿਭਾਇਆ। ਇਸ ਮੌਕੇ ਵਿਸ਼ਾਲ ਇਕੱਤਰਤਾ ਨੂੰ ਡਾ. ਅਮਰਜੀਤ ਗਿੱਲ, ਖਜ਼ਾਨਚੀ ਲਾਲ, ਬਲਬੀਰ ਸਿੰਘ ਮੂਧਲ, ਜੋਗਿੰਦਰ ਲਾਲ, ਬਾਜ ਸਿੰਘ, ਵਿਜੇ ਸਿੰਧਰਾ, ਅਸ਼ਵਨੀ ਸ਼ਰਮਾ ਹਰੀਪੁਰਾ, ਗੁਰਲਾਲ ਸਿੰਘ ਲਾਲੀ ਵਡਾਲੀ ਗੁਰੂ, ਨਿਰਵੈਲ ਸਿੰਘ ਢਪਈ, ਜਸਬੀਰ ਸਿੰਘ ਝਬਾਲ, ਸੁਖਜਿੰਦਰ ਸਿੰਘ ਧਿਆਨਪੁਰ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ।
ਕਿਸਾਨਾਂ ਨੇ ਰੇਲਵੇ ਸਟੇਸ਼ਨ ’ਤੇ ਜੈਅੰਤੀ ਮਨਾਈ
ਗੁਰਦਾਸਪੁਰ (ਪੱਤਰ ਪ੍ਰੇਰਕ): ਰੇਲਵੇ ਸਟੇਸ਼ਨ ਗੁਰਦਾਸਪੁਰ ’ਚ ਚੱਲ ਰਹੇ ਪੱਕੇ ਕਿਸਾਨ ਮੋਰਚੇ ’ਚ ਅੱਜ ਡਾ. ਬੀਆਰ ਅੰਬੇਡਕਰ ਜੈਅੰਤੀ ਮਨਾਈ ਗਈ। ਇਸ ਮੌਕੇ ਡਾ. ਅੰਬੇਡਕਰ ਦੀ ਤਸਵੀਰ ’ਤੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਸਮਾਗਮ ਦੀ ਪ੍ਰਧਾਨਗੀ ਅਜੀਤ ਸਿੰਘ ਹੁੰਦਲ, ਐੱਸਪੀ ਗੋਸਲ, ਜੋਗਿੰਦਰ ਪਾਲ ਪਨਿਆੜ, ਅਮਰਜੀਤ ਸਿੰਘ ਸੈਣੀ, ਸੁਭਾਸ਼ ਕੈਰੇ ਅਤੇ ਜੋਗਿੰਦਰ ਪਾਲ ਲੇਹਲ ਨੇ ਕੀਤੀ। ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਸੰਵਿਧਾਨਕ ਪਰੰਪਰਾਵਾਂ ਨੂੰ ਵੱਡੇ ਪੱਧਰ ’ਤੇ ਢਾਹ ਲਾ ਰਹੀ ਹੈ। ਇਸ ਮੌਕੇ ਡਾ. ਅੰਬੇਡਕਰ ਮਿਸ਼ਨ, ਭਾਰਤੀ ਮੂਲ ਨਿਵਾਸੀ ਫਰੰਟ, ਸ੍ਰੀ ਗੁਰੂ ਰਵਿਦਾਸ ਮਿਸ਼ਨ, ਬਾਲਮੀਕਿ ਸਭਾ, ਭੀਮ ਆਰਮੀ, ਗੌਰਮਿੰਟ ਟੀਚਰ ਯੂਨੀਅਨ ਸਮੇਤ ਹੋਰ ਜਨਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਬਾਬਾ ਸਾਹਿਬ ਨੇ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਪਰੋਇਆ: ਅਸ਼ਵਨੀ ਸ਼ਰਮਾ
ਪਠਾਨਕੋਟ: ਭਾਰਤ ਦੇ ਸੰਵਿਧਾਨ ਦੇ ਨਿਰਮਾਤਾ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 130ਵੇਂ ਜਨਮ ਦਿਵਸ ਮੌਕੇ ਜ਼ਿਲ੍ਹਾ ਪ੍ਰਧਾਨ ਵਿਜੈ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਵਲੋਂ ਇਥੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਮੁੱਖ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਅਸ਼ਵਨੀ ਸ਼ਰਮਾ ਨੇ ਬਾਬਾ ਸਾਹਿਬ ਨੂੰ ਨਮਨ ਕਰਦਿਆਂ ਕਿਹਾ ਕਿ ਡਾ. ਬੀਆਰ ਅੰਬੇਡਕਰ ਨੇ ਆਪਣੇ ਸੰਵਿਧਾਨ ਵਿੱਚ ਭਾਰਤ ਦੇ ਹਰ ਨਾਗਰਿਕ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹਨ। ਬਾਬਾ ਸਾਹਿਬ ਨੇ ਸਮਾਜ ਤੋਂ ਵਾਂਝੇ ਵਰਗਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਬਹੁਤ ਸੰਘਰਸ਼ ਕੀਤਾ ਸੀ ਅਤੇ ਉਨ੍ਹਾਂ ਦਾ ਸੰਘਰਸ਼ ਹਰ ਪੀੜੀ ਲਈ ਇੱਕ ਮਿਸਾਲ ਬਣਿਆ ਰਹੇਗਾ। ਇਕੱਲਾ ਇਹੀ ਨਹੀਂ ਬਾਬਾ ਸਾਹਿਬ ਨੇ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਪਰੋਣ ਦਾ ਕੰਮ ਕੀਤਾ।