ਐੱਨ.ਪੀ. ਧਵਨ
ਪਠਾਨਕੋਟ, 19 ਸਤੰਬਰ
ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਸਥਿਤ ਕੋਟਲੀ ਕੋਲੋਂ ਲੰਘਦੀ ਅੱਪਰਬਾਰੀ ਨਹਿਰ ਵਿਚ ਅੱਜ ਤਿੰਨ ਬੱਚਿਆਂ ਦੀ ਮਾਂ ਨੇ ਘਰੇਲੂ ਝਗੜੇ ਤੋਂ ਦੁਖੀ ਹੋ ਕੇ ਛਾਲ ਮਾਰ ਦਿੱਤੀ। ਉਸ ਦਾ ਛੇਵੀਂ ਜਮਾਤ ’ਚ ਪੜ੍ਹਦਾ ਬੱਚਾ ਊਸ ਵੇਲੇ ਊਸ ਦੇ ਨਾਲ ਸੀ। ਜਦੋਂ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਰਹੀ ਸੀ ਤਾਂ ਉਸ ਦੇ ਬੇਟੇ ਨੇ ਕੋਟਲੀ ਓਵਰਬ੍ਰਿੱਜ ਦੇ ਹੇਠਾਂ ਡਿਊਟੀ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਸੂਚਿਤ ਕੀਤਾ, ਜਿਸ ’ਤੇ ਪੁਲੀਸ ਮੁਲਾਜ਼ਮਾਂ ਅਤੇ ਸਥਾਨਕ ਲੋਕਾਂ ਨੇ ਊਸ ਨੂੰ ਪਿੰਡ ਫਰੀਦਾ ਨਗਰ ਕੋਲ ਜਾ ਕੇ ਬਚਾ ਲਿਆ। ਏਐੱਸਆਈ ਯਸ਼ਪਾਲ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਔਰਤ ਦੀ ਪਛਾਣ ਅੰਜੂ ਦੇਵੀ ਪਤਨੀ ਤ੍ਰਿਲੋਕ ਚੰਦ ਵਾਸੀ ਮਦਾਰਪੁਰ ਵਜੋਂ ਹੋਈ ਹੈ।
ਅੰਜੂ ਦੇਵੀ ਦੇ ਪਿਤਾ ਦਰਸ਼ਨ ਲਾਲ ਵਾਸੀ ਨਾਰੰਗਪੁਰ ਨੇ ਦੱਸਿਆ ਕਿ ਊਹ ਪਿਛਲੇ ਕਈ ਦਿਨਾਂ ਤੋਂ ਪਤੀ ਅਤੇ ਸੱਸ ਨਾਲ ਚੱਲ ਰਹੇ ਘਰੇਲੂ ਝਗੜੇ ਕਾਰਨ ਤੰਗ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਉਸ ਨੇ ਦੱਸਿਆ ਕਿ ਸਵੇਰੇ ਘਰ ਵਿਚ ਝਗੜੇ ਮਗਰੋਂ ਉਹ ਆਪਣੇ ਛੋਟੇ ਬੇਟੇ ਸਮੇਤ ਦੀਨਾਨਗਰ ਬੱਸ ਵਿਚ ਬੈਠ ਕੇ ਕੋਟਲੀ ਨਹਿਰ ਕੋਲ ਉਤਰ ਗਈ, ਜਿੱਥੇ ਉਸ ਨੇ ਨਹਿਰ ’ਚ ਛਾਲ ਮਾਰ ਦਿੱਤੀ। ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਔਰਤ ਨੂੰ ਨਜ਼ਦੀਕੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਹੋਸ਼ ਆਉਣ ਮਗਰੋਂ ਉਸ ਦੇ ਬਿਆਨਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਰੇਲਗੱਡੀ ਹੇਠ ਆਊਣ ਕਾਰਨ ਮੌਤ
ਫਗਵਾੜਾ (ਪੱਤਰ ਪ੍ਰੇਰਕ): ਅੱਜ ਇੱਥੇ ਰੇਲਵੇ ਲਾਈਲਾਂ ’ਤੇ ਰੇਲਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਸ਼ੀਲ ਰਾਮ (22) ਪੁੱਤਰ ਬੀਰ ਬਹਾਦਰ ਰਾਮ ਵਾਸੀ ਸ਼ਿਵਾਨ ਬਿਹਾਰ ਵਜੋਂ ਹੋਈ ਹੈ। ਰੇਲਵੇ ਚੌਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਲਾਸ਼ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ 174 ਤਹਿਤ ਕਾਰਵਾਈ ਕੀਤੀ ਗਈ ਹੈ।