ਸਰਬਜੀਤ ਸਾਗਰ
ਦੀਨਾਨਗਰ, 27 ਸਤੰਬਰ
ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਅੱਜ ਦੀਨਾਨਗਰ ਹਲਕੇ ਦੇ 18 ਕਿਸਾਨਾਂ ਨੂੰ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਸੌਂਪੇ ਗਏ। ਉਨ੍ਹਾਂ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ ਅਤੇ ਅੱਜ ਵੱਖ-ਵੱਖ ਪਿੰਡਾਂ ਦੇ ਡੇਢ ਦਰਜਨ ਕਿਸਾਨਾਂ ਦਾ 21 ਲੱਖ 42 ਹਜ਼ਾਰ 762 ਰੁਪਏ ਦਾ ਕਰਜ਼ਾ ਮੁਆਫ਼ ਹੋਇਆ ਹੈ। ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ’ਚ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣਾ ਵਾਅਦਾ ਨਿਭਾ ਦਿੱਤਾ ਹੈ ਅਤੇ ਜਿਹੜੇ ਕਿਸਾਨ ਰਹਿ ਗਏ ਹਨ ਅਗਲੇ ਦਿਨਾਂ ’ਚ ਉਨ੍ਹਾਂ ਨੂੰ ਵੀ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰ ਵੇਲੇ ਸੂਬੇ ਦੇ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਕੇਂਦਰ ਦੀ ਮੋਦੀ ਸਰਕਾਰ ਨੇ ਜੋ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਪਾਸ ਕੀਤੇ ਹਨ, ਕਾਂਗਰਸ ਉਨ੍ਹਾਂ ਦਾ ਡਟ ਕੇ ਵਿਰੋਧ ਕਰ ਰਹੀ ਹੈ। ਇਨ੍ਹਾਂ ਨੂੰ ਰੱਦ ਕਵਾਉਣ ਤੱਕ ਕਿਸਾਨਾਂ ਨਾਲ ਹਰ ਫ਼ਰੰਟ ’ਤੇ ਡਟੀ ਰਹੇਗੀ।
ਇਸ ਮੌਕੇ ਸਮੂਹ ਕਿਸਾਨਾਂ ਨੇ ਕਰਜ਼ਾ ਮੁਆਫ਼ ਕਰਵਾਉਣ ਲਈ ਕੀਤੇ ਯਤਨਾਂ ਵਾਸਤੇ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਕਿਸਾਨ ਚਰਨ ਦਾਸ ਹਬੀਬਪੁਰ, ਹਰਦੇਵ ਸਿੰਘ ਕੱਤੋਵਲ, ਦਰਸ਼ਨ ਕੌਰ ਗੁਲੇਲੜਾ, ਨਰਿੰਦਰ ਸਿੰਘ ਲਾਹੜੀ ਵੀਰਾਂ, ਤਰਸੇਮ ਲਾਲ ਕਲੀਜਪੁਰ, ਜਸਵੀਰ ਸਿੰਘ ਕਲੀਜਪੁਰ, ਤਰਸੇਮ ਸਿੰਘ ਬਿਆਨਪੁਰ, ਸੁਰਜੀਤ ਕੌਰ ਕਲੀਜਪੁਰ, ਮਨਜੀਤ ਸਿੰਘ ਬਿਆਨਪੁਰ, ਕਸ਼ਮੀਰ ਸਿੰਘ ਆਲੇਚੱਕ, ਸਵਿੰਦਰ ਕੌਰ ਆਦਿ ਹਾਜ਼ਰ ਸਨ।