ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ’ਚ ਪੰਜਾਬੀ ਭਾਸ਼ਾ ਦੀ ਬੇਕਦਰੀ ਹੋ ਰਹੀ ਹੈ। ਕੰਪਲੈਕਸ ਦੇ ਬੀ-ਬਲਾਕ ਵਿੱਚ ਦਾਖ਼ਲ ਹੋਣ ਨਾਲ ਹੀ ‘ਬੇਟੀ ਬਚਾਓ, ਬੇਟੀ ਪੜਾਓ’ ਦਾ ਨਾਅਰਾ ਨਜ਼ਰੀਂ ਪੈਂਦਾ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਇਸ ਵਿੱਚ ‘ਪੜ੍ਹਾਓ’ ਸ਼ਬਦ ਨੂੰ ਗਲਤ ਤਰੀਕੇ ਨਾਲ ‘ਪੜਾਓ’ ਲਿਖਿਆ ਗਿਆ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਗਲਤੀ ਕਿਸੇ ਗਲੀ-ਮੁਹੱਲੇ ਦੀ ਕੰਧ ’ਤੇ ਨਹੀਂ ਸਗੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੇਂਦਰੀ ਦਫ਼ਤਰ ਵਿੱਚ ਕੀਤੀ ਗਈ ਹੈ। ਬੀਤੇ ਸਾਲ ਦੀਵਾਲੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀਆਂ ਦੀਆਂ ਉਪਲਬਧੀਆਂ ਨੂੰ ਉਜਾਗਰ ਕਰਨ ਲਈ ਕੰਧ ’ਤੇ ਤਸਵੀਰਾਂ ਬਣਵਾ ਕੇ ਚੰਗਾ ਉਪਰਾਲਾ ਕੀਤਾ ਗਿਆ ਸੀ, ਪਰ ਉੱਥੇ ਵੀ ‘ਜ਼ਿਲ੍ਹਾ’ ਸ਼ਬਦ ਨੂੰ ਵੀ ਗਲਤ ਤਰੀਕੇ ਨਾਲ ‘ਜ਼ਿਲਾ’ ਲਿਖ ਦਿੱਤਾ ਗਿਆ। ਇਸੇ ਕੰਪਲੈਕਸ ਵਿੱਚ ਜ਼ਿਲ੍ਹਾ ਭਾਸ਼ਾ ਵਿਭਾਗ ਦਾ ਦਫ਼ਤਰ ਵੀ ਸਥਿਤ ਹੈ। ਇਹ ਮਾਮਲਾ ਜਦੋਂ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਗੁਰਦਾਸਪੁਰ ਹਰਜਿੰਦਰ ਸਿੰਘ ਕਲਸੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਤਾਂ ਉਨ੍ਹਾਂ ਵੱਲੋਂ ਤੁਰੰਤ ਦਰੁੱਸਤੀ ਕਰਨ ਦੀ ਗੱਲ ਆਖੀ ਗਈ ਸੀ ਪਰ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਬਾਅਦ ਵੀ ਨਾ ਤਾਂ ਸ਼ਬਦ-ਜੋੜ ਠੀਕ ਕੀਤੇ ਗਏ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਜਵਾਬਦੇਹੀ ਮਹਿਸੂਸ ਕੀਤੀ। ਦੂਜੀ ਵਾਰ ਯਾਦ ਦਿਵਾਉਣ ’ਤੇ ਵੀ ਸਿਰਫ਼ ਭਰੋਸੇ ਹੀ ਮਿਲੇ। ਜ਼ਿਲ੍ਹਾ ਭਾਸ਼ਾ ਅਫ਼ਸਰ, ਗੁਰਦਾਸਪੁਰ ਅਤੇ ਚੇਅਰਮੈਨ, ਨੈਸ਼ਨਲ ਐਵਾਰਡ ਪ੍ਰੀਲਿਮਿਨਰੀ ਸਿਲੈਕਸ਼ਨ ਅਤੇ ਸਕਰੀਨਿੰਗ ਕਮੇਟੀ-ਪੰਜਾਬੀ, ਭਾਰਤ ਡਾ. ਪਰਮਜੀਤ ਸਿੰਘ ਕਲਸੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸ਼ਬਦ ਜੋੜਾਂ ਦੀ ਗਲਤੀ ਉਨ੍ਹਾਂ ਦੇ ਧਿਆਨ ਵਿੱਚ ਹੈ ਅਤੇ ਜਲਦ ਠੀਕ ਕਰਵਾ ਦਿੱਤੇ ਜਾਣਗੇ।

