ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 21 ਸਤੰਬਰ
ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ 28-29 ਸਤੰਬਰ ਨੂੰ ਮਨਾਏ ਜਾ ਰਹੇ ਜੋੜ ਮੇਲ ਦੀਆਂ ਤਿਆਰੀਆਂ ਨੂੰ ਲੈ ਕੇ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਯੁਵਰਾਜ ਸਿੰਘ ਦੀ ਅਗਵਾਈ ਵਿੱਚ ਵੱਖੋ-ਵੱਖ ਧਾਰਮਿਕ ਅਤੇ ਸੇਵਾ ਸੁਸਾਇਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋੜ ਮੇਲ ਸਬੰਧੀ ਤਿਆਰ ਕੀਤੀ ਰੂਪ-ਰੇਖਾ ਸੰਗਤ ਨਾਲ ਸਾਂਝੀ ਕਰਦਿਆਂ ਨੁਮਾਇੰਦਿਆਂ ਕੋਲੋਂ ਸੁਝਾਅ ਲਏ ਗਏ।
ਮੈਨੇਜਰ ਯੁਵਰਾਜ ਸਿੰਘ ਵੱਲੋਂ ਜੋੜ ਮੇਲ ਵਿੱਚ ਸੰਗਤ ਦੇ ਭਾਰੀ ਇਕੱਠ ਲਈ ਪ੍ਰਚਾਰ ਕਰਨ ਲਈ ਧਰਮ ਪ੍ਰਚਾਰ ਕਮੇਟੀ ਦੇ ਆਗੂਆਂ ਦੀਆਂ ਵੱਖ-ਵੱਖ ਇਲਾਕਿਆ ਵਿੱਚ ਡਿਊਟੀਆਂ ਲਾਈਆਂ ਗਈਆਂ। ਮੀਟਿੰਗ ਵਿੱਚ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਔਲਖ ਨੇ ਜੋੜ ਮੇਲ ਵਿੱਚ ਆਉਣ ਵਾਲੀ ਸੰਗਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਵਿਸ਼ੇਸ਼ ਪ੍ਰਬੰਧਾਂ ਤੋਂ ਜਾਣੂ ਕਰਵਾਇਆ ਗਿਆ। ਮੈਨੇਜਰ ਯੁਵਰਾਜ ਸਿੰਘ ਨੇ ਦੱਸਿਆ ਕਿ ਸੰਗਤ ਦੀ ਸਹੂਲਤ ਲਈ ਰਿਹਾਇਸ਼, ਪਾਰਕਿੰਗ, ਮੈਡੀਕਲ ਸਹੂਲਤਾਂ ਆਦਿ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ 24 ਘੰਟੇ ਧਾਰਮਿਕ ਦੀਵਾਨ ਸਜਾਏ ਜਾਣਗੇ। ਮੀਟਿੰਗ ਵਿੱਚ ਕੁਲਦੀਪ ਸਿੰਘ ਲਹੌਰੀਆ, ਹੈੱਡ ਗ੍ਰੰਥੀ ਭਾਈ ਗੁਰਮੁੱਖ ਸਿੰਘ, ਧਰਮ ਸਿੰਘ ਕਮੇਟੀ ਦੇ ਹੈਡ ਭਾਈ ਜਗਦੇਵ ਸਿੰਘ, ਮੀਤ ਮੈਨੇਜਰ ਸਰਬਜੀਤ ਸਿੰਘ ਮੁੰਡਾਪਿੰਡ, ਸੁਖਦੇਵ ਸਿੰਘ ਮੱਲਮੋਹਰੀ, ਸਤਬੀਰ ਸਿੰਘ ਧੂੰਦਾ, ਮਨਜੀਤ ਸਿੰਘ ਮੰਡ, ਰਸ਼ਪਾਲ ਸਿੰਘ, ਗੁਰਦੇਵ ਸਿੰਘ ਘੜਕਾ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।