ਜਤਿੰਦਰ ਬੈਂਸ
ਗੁਰਦਾਸਪੁਰ, 9 ਜੁਲਾਈ
ਕਰੋਨਾ ਮਹਾਮਾਰੀ ਦੇ ਸਮੇਂ ਮੂਹਰਲੀ ਕਤਾਰ ਵਿੱਚ ਲੜਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ਼ ਨੇ ਆਪਣੀ ਮਿਹਨਤ ਦਾ ਮੁੱਲ ਨਾ ਮਿਲਣ ਦੇ ਰੋਸ ਵਜੋਂ 9 ਜੁਲਾਈ ਤੋਂ ਕੋਵਿਡ-19 ਦੇ ਹਰ ਤਰ੍ਹਾਂ ਦੇ ਕੰਮ ਅਤੇ ਹੋਰ ਬਣਦੇ ਕੰਮਾਂ ਦਾ ਬਾਈਕਾਟ ਕਰਕੇ ਸਬ-ਸੈਂਟਰਾਂ ‘ਤੇ ਰੋਸ ਪ੍ਰਦਰਸ਼ਨ ਕਰਕੇ ਤਿੰਨ ਰੋਜ਼ਾ ਹੜਤਾਲ ਦਾ ਆਗਾਜ਼ ਕੀਤਾ। ਗੁਰਦਾਸਪੁਰ ਸ਼ਹਿਰ ਦੀਆਂ ਆਸ਼ਾ ਵਰਕਰਾਂ ਨੇ ਪੁਰਾਣੇ ਸਿਵਲ ਹਸਪਤਾਲ ਵਿੱਚ ਸੁਦੇਸ਼ ਕੁਮਾਰੀ ਦੀ ਅਗਵਾਈ ਹੇਠ ਇੱਕਠੇ ਹੋ ਕੇ ਸਰਕਾਰ ਦੀ ਆਸ਼ਾ ਵਰਕਰਾਂ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬਬਿਤਾ ਕਮਲੇਸ਼ ਕੁਮਾਰੀ ਉਰਮਿਲਾ ਦੇਵੀ ਨਿਰਮਲ ਰਾਣੀ ਆਸ਼ਾ ਵਰਕਰਜ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਔਖੀ ਹਾਲਤ ਵਿੱਚ ਕੰਮ ਬਦਲੇ ਪਹਿਲੀ ਜਨਵਰੀ ਤੋਂ 30 ਜੂਨ ਤੱਕ ਆਸ਼ਾ ਵਰਕਰਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਅਤੇ ਫੈਸੀਲੀਟੇਟਰਜ਼ ਨੂੰ 1500 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਂਦਾ ਸੀ ਜੋ ਹੁਣ ਬੰਦ ਕਰ ਦਿੱਤਾ ਹੈ। ਇਸ ਦੇ ਉਲਟ ਕਰੋਨਾ ਮਹਾਮਾਰੀ ਦੇ ਸੰਕਟ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧਣ ਨਾਲ ਆਸ਼ਾ ਵਰਕਰਾਂ ’ਤੇ ਕੰਮ ਦਾ ਦਬਾਅ ਵਧ ਗਿਆ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਸਰਵੇਖਣ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਚਾਰ ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦੇ ਕੇ ਮਜ਼ਾਕ ਕੀਤਾ ਜਾ ਰਿਹਾ ਹੈ।
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਆਗੂ ਤੇ ਆਸ਼ਾ ਵਰਕਰ ਯੂਨੀਅਨ ਦੇ ਮੁੱਖ ਸਲਾਹਕਾਰ ਅਮਰਜੀਤ ਸ਼ਾਸਤਰੀ ਨੇ ਆਸ਼ਾ ਵਰਕਰਾਂ ਦੀ ਹੜਤਾਲ ਦੀ ਹਮਾਇਤ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਕਰੋਨਾ ਫਤਹਿ ਕਰਨ ਲਈ ਵੱਡੇ-ਵੱਡੇ ਕਾਗਜ਼ੀ ਐਲਾਨ ਕਰ ਰਹੀ ਹੈ ਪਰ ਕਰੋਨਾ ਮਹਾਮਾਰੀ ਦੀ ਮੂਹਰਲੀ ਕਤਾਰ ਦੀਆਂ ਅਸਲੀ ਯੋਧੇ ਆਸ਼ਾ ਵਰਕਰਾਂ ਨੂੰ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਕੋਵਿਡ-19 ਮਹਾਂਮਾਰੀ ਸਮੇਂ ਵੀ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਆਸ਼ਾ ਵਰਕਰਾਂ ਦੀਆਂ ਮੰਗਾਂ ‘ਤੇ ਵਿਚਾਰ ਕਰਨ ਲਈ ਕੋਈ ਮੀਟਿੰਗ ਨਹੀਂ ਬੁਲਾਈ। ਇਸ ਮੌਕੇ ਅੰਜੂ, ਪਰਮਜੀਤ ਕੌਰ, ਏਕਤਾ ਦੇਵੀ ਤੇ ਸੁਦੇਸ਼ ਕੁਮਾਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਘਰ ਘਰ ਸਰਵੇਖਣ ਦੇ ਪੈਸਿਆਂ ਵਿੱਚ 12 ਰੁਪਏ ਪ੍ਰਤੀ ਵਿਅਕਤੀ ਮਿਹਨਤਾਨਾ ਦਿੱਤਾ ਜਾਵੇ।
ਜਲੰਧਰ (ਪਾਲ ਸਿੰਘ ਨੌਲੀ): ਕਰੋਨਾ ਮਹਾਮਾਰੀ ਦੇ ਸਮੇਂ ਫਰੰਟਲਾਈਨ ’ਤੇ ਲੜਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਜ਼ ਨੇ ਪੰਜਾਬ ਸਰਕਾਰ ਦੀਆਂ ਆਸ਼ਾ ਵਰਕਰ ਵਿਰੋਧੀ ਨੀਤੀਆਂ ਕਾਰਨ ਆਪਣੀ ਮਿਹਨਤ ਦਾ ਮੁੱਲ ਨਾ ਮਿਲਣ ਦੇ ਰੋਸ ਵਜੋਂ 9 ਜੁਲਾਈ ਤੋਂ ਕੋਵਿਡ-19 ਦੇ ਹਰ ਤਰ੍ਹਾਂ ਦੇ ਕੰਮ ਅਤੇ ਹੋਰ ਬਣਦੇ ਕੰਮਾਂ ਦਾ ਬਾਈਕਾਟ ਕਰਕੇ ਸਬ ਸੈਂਟਰਾਂ ’ਤੇ ਰੋਸ ਪ੍ਰਦਰਸ਼ਨ ਕਰ ਕੇ ਤਿੰਨ ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਜਲੰਧਰ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਸਬ ਸੈਂਟਰਾਂ ਵਿੱਚ ਸੂਬਾਈ ਆਗੂ ਮਨਦੀਪ ਕੌਰ ਸੰਧੂ, ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਤੇ ਜਨਰਲ ਸਕੱਤਰ ਅੰਮ੍ਰਿਤਪਾਲ ਕੌਰ ਦੀ ਅਗਵਾਈ ਹੇਠ ਇਕੱਠੇ ਹੋ ਕੇ ਪੰਜਾਬ ਸਰਕਾਰ ਦੀ ਆਸ਼ਾ ਵਰਕਰਾਂ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ।
ਇਸ ਮੌਕੇ ਜ਼ਿਲ੍ਹਾ ਆਗੂ ਸੀਤਾ ਬੁਲੰਦਪੁਰ, ਆਸ਼ਾ ਗੁਪਤਾ ਜਲੰਧਰ, ਕੁਲਜੀਤ ਕੌਰ ਜੰਡਿਆਲਾ, ਸੁਖਨਿੰਦਰ ਕੌਰ ਬੜਾ ਪਿੰਡ, ਆਸ਼ਾ ਰਾਣੀ ਮਹਿਤਪੁਰ, ਸੁਨੀਲ ਆਦਮਪੁਰ, ਕਵਿਤਾ ਰਾਣੀ ਕਾਲਾ ਬੱਕਰਾ, ਚਰਨਜੀਤ ਕੌਰ ਸ਼ਾਹਕੋਟ ਤੇ ਰਾਜ ਰਾਣੀ ਜਮਸ਼ੇਰ ਨੇ ਵੀ ਸੰਬੋਧਨ ਕੀਤਾ। ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਆਗੂ ਹਰਿੰਦਰ ਦੁਸਾਂਝ ਤੇ ਅਮਰਜੀਤ ਸ਼ਾਸਤਰੀ ਨੇ ਆਸ਼ਾ ਵਰਕਰਾਂ ਦੀ ਹੜਤਾਲ ਦਾ ਸਮਰਥਨ ਕੀਤਾ। ਆਗੂਆਂ ਚੇਤਾਵਨੀ ਦਿੱਤੀ ਕਿ ਜਿੰਨਾ ਚਿਰ ਪੰਜਾਬ ਕਰੋਨਾ ਮੁਕਤੀ ਫਤਿਹ ਮਿਸ਼ਨ ਪੂਰਾ ਨਹੀਂ ਹੁੰਦਾ ਉਨ੍ਹਾਂ ਨੂੰ ਮਿਲਦਾ ਕਰੋਨਾ ਮੁਕਤੀ ਭੱਤਾ ਜਾਰੀ ਰੱਖਿਆ ਜਾਵੇ। ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਧਿਆਨ ਨਾ ਦਿੱਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਮਿਹਨਤ ਦਾ ਮੁੱਲ ਨਾ ਮਿਲਣ ਕਾਰਨ ਸਰਕਾਰ ਤੋਂ ਖ਼ਫ਼ਾ
ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਕਰੋਨਾ ਮਹਾਮਾਰੀ ਦੇ ਸਮੇਂ ਮੂਹਰਲੀ ਕਤਾਰ ਵਿੱਚ ਲੜਨ ਵਾਲੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਪੰਜਾਬ ਸਰਕਾਰ ਦੀਆਂ ਵਰਕਰ ਵਿਰੋਧੀ ਨੀਤੀਆਂ ਕਾਰਨ ਆਪਣੀ ਮਿਹਨਤ ਦਾ ਮੁੱਲ ਨਾ ਮਿਲਣ ਦੇ ਰੋਸ ਵਜੋਂ ਅੱਜ 9 ਜੁਲਾਈ ਤੋਂ 11 ਜੁਲਾਈ ਤਕ ਕੋਵਿਡ-19 ਦੇ ਹਰ ਤਰ੍ਹਾਂ ਦੇ ਕੰਮਾਂ ਦਾ ਬਾਈਕਾਟ ਕਰਕੇ ਸਬ ਸੈਂਟਰਾਂ ‘ਤੇ ਰੋਸ ਪ੍ਰਦਰਸ਼ਨ ਕਰਕੇ ਤਿੰਨ ਰੋਜ਼ਾ ਹੜਤਾਲ ਦਾ ਆਗਾਜ਼ ਕੀਤਾ ਹੈ। ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਜ਼ਿਲ੍ਹੇ ਦੇ ਵੱਖ-ਵੱਖ ਸਬ ਸੈਂਟਰਾਂ ਵਿੱਚ ਸੂਬਾਈ ਆਗੂ ਪਰਮਜੀਤ ਕੌਰ ਮਾਨ, ਜ਼ਿਲ੍ਹਾ ਪ੍ਰਧਾਨ ਰਣਜੀਤ ਦੁਲਾਰੀ ਤੇ ਜਨਰਲ ਸਕੱਤਰ ਸਰਬਜੀਤ ਕੌਰ ਦੀ ਅਗਵਾਈ ਹੇਠ ਇਕੱਠੇ ਹੋ ਕੇ ਪੰਜਾਬ ਸਰਕਾਰ ਦੀ ਵਰਕਰਾਂ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ। ਇਸ ਮੌਕੇ ਵੱਖ ਵੱਖ ਥਾਵਾਂ ’ਤੇ ਰਮੇਸ਼ ਵੇਰਕਾ, ਗੁਰਵੰਤ ਕੌਰ ਲੋਪੋਕੇ, ਡੌਲੀ ਵਾਸਲ, ਮਨਪ੍ਰੀਤ ਕੌਰ ਅਰਬਨ, ਗੁਰਮੀਤ ਕੌਰ ਭਗਤਾਂਵਾਲਾ, ਪਲਵਿੰਦਰ ਕੌਰ ਵਡਾਲਾ ਨੇ ਸੰਬੋਧਨ ਕੀਤਾ।