ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਥਾਣਾ ਕੱਚਾ-ਪੱਕਾ ਅੱਗੇ ਧਰਨਾ

ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਥਾਣਾ ਕੱਚਾ-ਪੱਕਾ ਅੱਗੇ ਧਰਨਾ

ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਥਾਣਾ ਕੱਚਾ-ਪੱਕਾ ਅੱਗੇ ਲਗਾਏ ਧਰਨੇ ਦਾ ਦ੍ਰਿਸ਼।

ਬੇਅੰਤ ਸੰਘ ਸੰਧੂ
ਪੱਟੀ, 28 ਅਕਤੂਬਰ

ਇਲਾਕੇ ਦੇ ਪਿੰਡ ਮਰਗਿੰਦਪੁਰਾ (ਨਿੱਕੀ ਮੱਖੀ) ਅੰਦਰ ਨਸ਼ੇ ਦੀ ਪੂਰਤੀ ਕਰਨ ਲਈ ਜ਼ਮੀਨ ਵੇਚਣ ਤੋਂ ਰੋਕਣ ਕਾਰਨ ਬੀਤੀ 11 ਅਕਤੂਬਰ ਨੂੰ ਗੁਰਸਾਹਬ ਸਿੰਘ ਪੁੱਤਰ ਬਲਦੇਵ ਸਿੰਘ ਵੱਲੋਂ ਆਪਣੀ ਪਤਨੀ ਸੰਦੀਪ ਕੌਰ ਦਾ ਕਤਲ ਕੀਤਾ ਗਿਆ ਸੀ। ਪੁਲੀਸ ਥਾਣਾ ਕੱਚਾ ਪੱਕਾ ਅੰਦਰ ਕਤਲ ਦੇ ਮਾਮਲੇ ‘ਚ ਆਈ ਪੀ ਸੀ ਧਾਰਾ 302, 120 ਤਹਿਤ ਮ੍ਰਿਤਕ ਦੇ ਪਤੀ ਸਮੇਤ ਤਿੰਨ ਹੋਰ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰਕੇ ਮ੍ਰਿਤਕ ਦੇ ਪਤੀ ਗੁਰਸਾਹਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਬਾਕੀ ਤਿੰਨ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।

ਪੁਲੀਸ ਵੱਲੋਂ ਤਿੰਨ ਦੋਸ਼ੀਆਂ ਦੀ ਗ੍ਰਿਫਤਾਰੀ ਨਾ ਹੋਣ ਕਰਕੇ ਮ੍ਰਿਤਕ ਸੰਦੀਪ ਕੌਰ ਦੇ ਮਾਤਾ ਪਿਤਾ ਅਤੇ ਕਿਸਾਨ ਮਜ਼ਦੂਰ ਤਾਲਮੇਲ ਸਘੰਰਸ਼ ਕਮੇਟੀ ਦੇ ਆਗੂ ਕਾਮਰੇਡ ਚਮਨ ਲਾਲ ਦਰਾਜਕੇ, ਦਲੇਰ ਸਿੰਘ ਰਾਜੋਕੇ, ਬਲਦੇਵ ਸਿੰਘ ਵਲਟੋਹਾ , ਹਰਜਿੰਦਰ ਸਿੰਘ ਚੂੰਘ, ਬਖਸ਼ੀਸ ਸਿੰਘ ਬਹਾਦਰਕੇ ਆਦਿ ਵੱਲੋਂ ਪੁਲੀਸ ਥਾਣਾ ਕੱਚਾਪੱਕਾ ਅੱਗੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਅੰਦਰ ਬੋਲਦਿਆਂ ਵੱਖ- ਵੱਖ ਆਗੂਆਂ ਨੇ ਕਿਹਾ ਕਿ ਸੰਦੀਪ ਕੌਰ ਦਾ ਕਤਲ ਜ਼ਮੀਨ ਨੰ ਹੜੱਪਣ ਲਈ ਸਾਜ਼ਿਸ਼ ਤਹਿਤ ਕੀਤਾ ਗਿਆ ਹੈ ਤੇ ਮੁੱਕਦਮੇ ਅੰਦਰ ਦਰਜ ਦੋਸ਼ੀਆਂ ਨੂੰ ਪੁਲੀਸ ਗ੍ਰਿਫਤਾਰ ਨਹੀਂ ਕਰ ਰਹੀ, ਸਗੋਂ ਕਤਲ ਦੇ ਮੁਕੱਦਮੇ ਨੂੰ ਲਮਕਾਇਆ ਜਾ ਰਿਹਾ ਹੈ ਤਾਂ ਜੋ ਦੋਸ਼ੀਆਂ ਨੂੰ ਫਾਇਦਾ ਦਿੱਤਾ ਜਾ ਸਕੇ। ਕਾਮਰੇਡ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਜੇ ਪੁਲੀਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਨਸਾਫ ਨਾ ਦਿੱਤਾ ਤਾਂ ਪੁਲੀਸ ਦੇ ਖਿਲਾਫ਼ ਸਘੰਰਸ਼ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪੁਲੀਸ ਦੇ ਉੱਚ ਅਧਿਕਾਰੀ ਹਾਜ਼ਰ ਨਾ ਹੋਣ ਕਰਕੇ ਕੱਚਾਪੱਕਾ ਪੁਲੀਸ ਥਾਣਾ ਦੇ ਐੱਸਆਈ ਗੁਰਮੁੱਖ ਸਿੰਘ ਵੱਲੋਂ ਧਰਨਾਕਾਰੀਆਂ ਦੀ ਗੱਲ ਉੱਚ ਅਧਿਕਾਰੀਆਂ ਨਾਲ ਕਰਵਾਈ ਤੇ ਪੁਲੀਸ ਦੇ ਉੱਚ ਅਫਸਰਾਂ ਵੱਲੋਂ ਧਰਨਾਕਾਰੀਆਂ ਨਾਲ ਮੀਟਿੰਗ ਕਰਨ ਦਾ ਵਿਸ਼ਵਾਸ ਦੇਣ ’ਤੇ ਰੋਸ ਧਰਨਾ ਖਤਮ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All