ਅਜਨਾਲਾ: ਪਾਵਰਕੌਮ ਵੱਲੋਂ ਖੇਤੀਬਾੜੀ ਲਈ ਦਿੱਤੀ ਜਾਂਦੀ ਟਿਊਬਵੈਲਾਂ ਦੀ ਬਿਜਲੀ ਸਪਲਾਈ 8 ਘੰਟੇ ਦੇਣ ਦੀ ਬਜਾਏ 2 ਤੋਂ 4 ਘੰਟੇ ਦੇਣ ਨਾਲ ਕਿਸਾਨ ਭਾਰੀ ਪ੍ਰੇਸ਼ਾਨੀ ਵਿੱਚ ਹਨ ਜਿਸ ਸਬੰਧੀ ਪੂਰੀ ਬਿਜਲੀ ਸਪਲਾਈ ਦੇਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਅੱਜ ਬਿਜਲੀ ਘਰ ਚੱਕ-ਡੋਗਰਾ ਦੇ ਗੇਟ ਅੱਗੇ ਬਿਜਲੀ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕਰਦਿਆਂ ਰੋਸ ਧਰਨਾ ਦਿੱਤਾ। ਇਸ ਮੌਕੇ ਗੁਰਚਰਨ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਟਿਊਬਵੈੱਲਾਂ ਦੀ ਬਿਜਲੀ ਸਪਲਾਈ 8 ਘੰਟੇ ਦੇਣ ਦੀ ਬਜਾਏ ਬਿਜਲੀ ਕੱਟ ਲਗਾ ਕੇ 2 ਤੋਂ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ ਜਿਸ ਕਾਰਨ ਪਾਣੀ ਦੀ ਕਮੀ ਹੋਣ ਕਰਕੇ ਝੋਨੇ ਦੀ ਫਸਲ ਖਰਾਬ ਹੋਣ ਦਾ ਕਿਸਾਨਾਂ ਨੂੰ ਖਦਸ਼ਾ ਪੈਦਾ ਹੋ ਗਿਆ। ਉਨ੍ਹਾਂ ਕਿਹਾ ਕਿ ਬਿਜਲੀ ਅਧਿਕਾਰੀ ਵਾਰ-ਵਾਰ ਖੇਤੀ ਲਈ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵੇ ਕਰਦੇ ਹਨ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਟਿਊਬਵੈੱਲਾਂ ਦੀ ਬਿਜਲੀ ਸਪਲਾਈ ਨਿਰਵਿਘਨ 8 ਘੰਟੇ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਖਰਾਬ ਹੋਣ ਤੋਂ ਬਚਾਇਆ ਜਾ ਸਕੇ। -ਪੱਤਰ ਪ੍ਰੇਰਕ