ਇੱਥੇ ਦੁਰਗਿਆਣਾ ਮੰਦਰ ਵਿੱਚ ਅੱਜ ਸ਼ਰਧਾਲੂਆਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਦੌਰਾਨ ਇੱਕ-ਦੂਜੇ ’ਤੇ ਰੰਗ ਸੁੱਟੇ ਗਏ ਅਤੇ ਜੈਕਾਰੇ ਲਾਏ ਗਏ। ਇਸ ਤੋਂ ਪਹਿਲਾਂ ਪਾਲਕੀ ਯਾਤਰਾ ਕੱਢੀ ਗਈ। ਸ਼ਰਧਾਲੂਆਂ ਨੇ ਇੱਕ-ਦੂਜੇ ਤੇ ਰੰਗ ਸੁੱਟ ਕੇ ਹੋਲੀ ਖੇਡੀ। ਕੁਝ ਸ਼ਰਧਾਲੂਆਂ ਨੇ ਦੱਸਿਆ ਕਿ ਹਰ ਸਾਲ ਹੀ ਦੁਰਗਿਆਣਾ ਮੰਦਰ ਵਿੱਚ ਹੋਲੀ ਤੋਂ ਇੱਕ ਦਿਨ ਪਹਿਲਾਂ ਹੋਲੀ ਮਨਾਈ ਜਾਂਦੀ ਹੈ ਪਰ ਅੱਜ ਇੱਕ ਦਿਨ ਹੋਰ ਪਹਿਲਾਂ ਮਨਾਈ ਗਈ ਹੈ ਕਿਉਂਕਿ ਭਲਕੇ ਗ੍ਰਹਿਣ ਵਾਲਾ ਦਿਨ ਹੈ।
ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ ਹੋਏ ਸਨ, ਜਿਨ੍ਹਾਂ ਨੇ ਜੈਕਾਰੇ ਲਾਏ ਅਤੇ ਰੰਗਾਂ ਤੇ ਫੁੱਲਾਂ ਦੀ ਹੋਲੀ ਖੇਡੀ। ਕੁਝ ਯਾਤਰੀ ਪੰਜਾਬ ਤੋਂ ਬਾਹਰ ਹੋਰਨਾ ਸੂਬਿਆਂ ਤੋਂ ਵੀ ਆਏ ਹੋਏ ਸਨ। ਸ਼ਰਧਾਲੂਆਂ ਆਖਿਆ ਕਿ ਅਜਿਹੀ ਹੋਲੀ ਵਰਿੰਦਾਵਨ ਮੰਦਰ ਵਿੱਚ ਮਨਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਅਜਿਹੀ ਹੋਲੀ ਅੰਮ੍ਰਿਤਸਰ ਵਿੱਚ ਦੇਖਣ ਮਗਰੋਂ ਖੁਸ਼ੀ ਹੋਈ ਹੈ। ਇੱਕ ਮਹਿਲਾ ਸ਼ਰਧਾਲੂ ਨੇ ਦੱਸਿਆ ਕਿ ਬੱਚਿਆਂ ਦੀਆਂ ਪ੍ਰੀਖਿਆਵਾਂ ਦੇ ਕਾਰਨ ਉਹ ਵਰਿੰਦਾਵਨ ਹੋਲੀ ਦੇ ਮੌਕੇ ਨਹੀਂ ਜਾ ਸਕੇ ਪਰ ਉਨ੍ਹਾਂ ਨੂੰ ਦੁਰਗਿਆਣਾ ਮੰਦਰ ਵਿੱਚ ਇਸ ਦਾ ਪੂਰਾ ਆਨੰਦ ਮਿਲਿਆ ਹੈ। ਸਥਾਨਕ ਸ਼ਰਧਾਲੂਆਂ ਨੇ ਆਖਿਆ ਕਿ ਉਹ ਹਰ ਸਾਲ ਹੀ ਮੰਦਰ ਵਿੱਚ ਇਸੇ ਤਰ੍ਹਾਂ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਹੋਲੀ ਮਨਾਉਂਦੇ ਹਨ।

