ਹਰਪ੍ਰੀਤ ਕੌਰ
ਹੁਸ਼ਿਆਰਪੁਰ, 3 ਜੂਨ
ਮੁੱਖ ਅੰਸ਼
- ਕੰਮ ਧੰਦਾ ਬੰਦ ਹੋਣ ਕਾਰਨ ਰੋਟੀ ਦਾ ਜੁਗਾੜ ਹੋਇਆ ਔਖਾ; ਸਰਕਾਰ ਤੋਂ ਮਦਦ ਦੀ ਅਪੀਲ
ਨਿੱਜੀ ਸਕੂਲਾਂ ’ਚ ਕੰਟਰੈਕਟ ਬੇਸ ’ਤੇ ਚੱਲ ਰਹੀਆਂ ਬੱਸਾਂ ਦੇ ਮਾਲਕਾਂ, ਡਰਾਈਵਰਾਂ ਅਤੇ ਕੰਡਕਟਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਥਾਨਕ ਮਿੰਨੀ ਸਕੱਤਰੇਤ ਦੇ ਬਾਹਰ ਮੁਜ਼ਾਹਰਾ ਕੀਤਾ ਅਤੇ ਮੁੱਖ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਅਧਿਕਾਰੀਆਂ ਨੂੰ ਦਿੱਤਾ। ਇਸ ਦੌਰਾਨ ਸਕੂਲ ਬੱਸ ਓਪਰੇਟਰ ਯੂਨੀਅਨ ਹੁਸ਼ਿਆਰਪੁਰ ਦੇ ਪ੍ਰਧਾਨ ਮਨਜੀਤ ਸਿੰਘ ਨੇ ਮੰਗ ਕੀਤੀ ਕਿ ਨਿੱਜੀ ਸਕੂਲਾਂ ਨੂੰ ਟਿਊਸ਼ਨ ਫ਼ੀਸ ਦੇ ਨਾਲ-ਨਾਲ ਬਸ ਫ਼ੀਸ ਲੈਣ ਦਾ ਅਧਿਕਾਰ ਵੀ ਦਿੱਤਾ ਜਾਵੇ ਤਾਂ ਜੋ ਉਨ੍ਹਾਂ ਦੀ ਵੀ ਰੋਜ਼ੀ ਰੋਟੀ ਚੱਲ ਸਕੇ। ਉਨ੍ਹਾਂ ਦੱਸਿਆ ਕਿ ਕਰੀਬ 25-25 ਸਾਲਾਂ ਤੋਂ ਉਨ੍ਹਾਂ ਦੀਆਂ ਬਸਾਂ ਨਿੱਜੀ ਸਕੂਲਾਂ ’ਚ ਕੰਟਰੈਕਟ ਦੇ ਅਧਾਰ ’ਤੇ ਚੱਲ ਰਹੀਆਂ ਹਨ। ਉਨ੍ਹਾਂ ਵਲੋਂ 33 ਹਜ਼ਾਰ ਰੁਪਏ ਸਾਲਾਨਾ ਰੋਡ ਟੈਕਸ, 17 ਹਜ਼ਾਰ ਰੁਪਏ ਪਰਮਿਟ ਫ਼ੀਸ 50 ਤੋਂ 70 ਹਜ਼ਾਰ ਰੁਪਏ ਤੱਕ ਇੰਸ਼ੋਰੈਂਸ, ਬੱਸਾਂ ਦੇ ਰੱਖ ਰਖਾਅ ਆਦਿ ਦੇ ਖਰਚੇ ਲਗਾਤਾਰ ਹੁੰਦੇ ਹਨ। ਇਹ ਸਾਰਾ ਖਰਚਾ ਲੌਕਡਾਊਨ ਦੌਰਾਨ ਵੀ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇ ਸਕੂਲਾਂ ਵਲੋਂ ਕੇਵਲ ਟਿਊਸ਼ਨ ਫ਼ੀਸ ਲਈ ਜਾਂਦੀ ਹੈ ਤਾਂ ਉਨ੍ਹਾਂ ਨੂੰ ਬੰਸ ਫ਼ੀਸ ਦੇ ਪੈਸੇ ਨਹੀਂ ਮਿਲਣਗੇ ਜਿਸ ਕਰਕੇ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਹੋ ਜਾਵੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਜੇ ਉਨ੍ਹਾਂ ਦੀ ਮੰਗ ਦਾ ਨਿਪਟਾਰਾ ਜਲਦੀ ਨਾ ਹੋਇਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੁਜ਼ਾਹਰੇ ਵਿੱਚ ਜਥੇਬੰਦੀ ਦੇ ਉਪ ਪ੍ਰਧਾਨ ਹਰਜਿੰਦਰ ਸਿੰਘ, ਜਨਰਲ ਸਕੱਤਰ ਜਗਮੋਹਨ ਸਿੰਘ, ਦਵਿੰਦਰ ਪਾਲ, ਸੁਖਮਨ ਸਿੰਘ, ਹਰਕੰਵਲ ਸਿੰਘ ਆਦਿ ਸ਼ਾਮਲ ਸਨ।